ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
06-11-2025
ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਨਗਰ ਕੀਰਤਨ ਸਜਾਇਆ
ਪਟਿਆਲਾ, (ਅ. ਸ. ਆਹਲੂਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਿਆਲਾ ਦੇ ਗੁਰੂ ਨਾਨਕ ਨਗਰ ਦੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਨਗਰ ਕੀਰਤਨ ਦਾ ਇਲਾਕੇ ਦੀ ਸੰਗਤ ਵਲੋਂ ਜਗ੍ਹਾ-ਜਗ੍ਹਾ 'ਤੇ ਸ਼ਰਧਾ ਤੇ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਥੇਦਾਰ ਅਜਮੇਰ ਸਿੰਘ, ਭਾਈ ਸਤਨਾਮ ਸਿੰਘ ਵਲੋਂ ਇਸ ਨਗਰ ਕੀਰਤਨ ਦੀ ਸੁਚੱਜੀ ਦੇਖ ਰੇਖ ਕੀਤੀ ਗਈ |
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ
ਰਾਜਪੁਰਾ, (ਜੀ.ਪੀ. ਸਿੰਘ)-ਸਥਾਨਕ ਪੁਰਾਣੀ ਜੀ. ਟੀ. ਰੋਡ ਤੇ ਸਥਿਤ ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਦੀ ਰਹਿਨੁਮਾਈ ਹੇਠ ਸਿਮਰਨਜੋਤ ਸਿੰਘ ਦੀ ਦੇਖ-ਰੇਖ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਤੜਕੇ ਪੰਜ ਵਜੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸ਼ਹਿਰ ਦੇ ਬਾਜ਼ਾਰਾਂ, ਕਾਲੋਨੀਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਵੀਨ ਸਿੰਘ ਸਭਾ ਵਿਖੇ ਸੰਪੰਨ ਹੋਇਆ | ਪਾਲਕੀ ਸਾਹਿਬ ਦੇ ਅੱਗੇ ਗੁਰੂ ਸ਼ਬਦਾਂ ਦੀਆਂ ਧੁਨਾਂ 'ਤੇ ਬੈਂਡ ਵਜ ਰਹੇ ਸਨ | ਗਤਕਾ ਪਾਰਟੀਆਂ ਆਪਣੇ ਕਰਤੱਵ ਦਿਖਾ ਰਹੀਆਂ ਸਨ | ਇਸ ਦੌਰਾਨ ਸ਼ਰਧਾਲੂ ਸੰਗਤਾਂ ਨੇ ਥਾਂ-ਥਾਂ 'ਤੇ ਚਾਹ, ਪਾਣੀ ਤੇ ਦੁੱਧ ਸਮੇਤ ਹੋਰ ਵਸਤਾਂ ਦੇ ਲੰਗਰ ਲਗਾਏ ਹੋਏ ਸਨ | ਇਸ ਸੰਬੰਧੀ ਗਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸਿਮਰਨਜੋਤ ਸਿੰਘ ਦੂਆ ਨੇ ਦੱਸਿਆ ਕਿ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤੜਕੇ ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਤੇ ਸੰਗਤਾਂ ਬਹੁਤ ਉਤਸ਼ਾਹ ਨਾਲ ਨਗਰ ਕੀਰਤਨ 'ਚ ਸ਼ਾਮਲ ਹੁੰਦੀਆਂ ਹਨ | ਇਸ ਮੌਕੇ ਮਹਿੰਦਰ ਪੰਮੀ ਸਹਿਗਲ, ਰਜਿੰਦਰ ਸਿੰਘ ਭੋਲਾ, ਰਮਨਦੀਪ ਸਿੰਘ ਨੰਦਾ, ਸਿਮਰਨ ਸਿੰਘ ਸੁਨੇਜਾ, ਅਮਰਜੀਤ ਸਿੰਘ ਬੇਦੀ, ਲੱਕੀ ਬਾਟਾ, ਭੁਪਿੰਦਰ ਸਿੰਘ ਗੋਲੂ, ਜੱਪੀ ਸਿੰਘ ਸਮੇਤ ਹੋਰਾਂ ਨੇ ਆਪਣੀ ਸੇਵਾ ਨਿਭਾਈ |
ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ
ਸਮਾਣਾ, (ਹਰਵਿੰਦਰ ਸਿੰਘ ਟੋਨੀ)-ਐੱਸ. ਆਰ. ਐੱਸ. ਵਿੱਦਿਆਪੀਠ ਸਮਾਣਾ ਵਿਦਿਆਰਥੀਆਂ ਦੀ ਭਲਾਈ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ ਹੈ | ਵਿਦਿਆਰਥੀਆਂ ਵਿਚ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਲਈ ਸਕੂਲ ਵਲੋਂ ਕਿੰਡਰਗਾਰਟਨ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ | ਇਸ ਮੌਕੇ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਬਾਰੇ ਗਿਆਨ ਪ੍ਰਾਪਤ ਕੀਤਾ | ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚ, ਨਾਮ ਸਿਮਰਨ ਤੇ ਸੇਵਾ ਦਾ ਰਾਹ ਦਿਖਾਇਆ | ਇਸ ਮੌਕੇ ਸਕੂਲ ਚੇਅਰਮੈਨ ਅਮਿਤ ਸਿੰਗਲਾ, ਸੈਕਟਰੀ ਲਲਿਤ ਸਿੰਗਲਾ, ਵਾਈਸ ਚੇਅਰਮੈਨ ਮਿਸ ਸਮਿਧਾ ਸਿੰਗਲਾ ਅਤੇ ਪਿ੍ੰਸੀਪਲ ਮਿਸ ਮਿਲੀ ਬੋਸ ਵਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਤੇ ਸਭਿਆਚਾਰਕ ਗਤੀਵਿਧੀਆਂ ਬੱਚਿਆਂ ਵਿਚ ਆਤਮਕਤਾ ਤੇ ਸੰਸਕਾਰਾਂ ਦੀ ਪੈਦਾਵਾਰ ਕਰਦੀਆਂ ਹਨ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਮੁਕਾਬਲੇ ਕਰਵਾਏ
ਰਾਜਪੁਰਾ, (ਜੀ.ਪੀ. ਸਿੰਘ)-ਇੱਥੋਂ ਦੇ ਸਕੂਲ ਆਫ਼ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਹਾਊਸ ਮੁਕਾਬਲੇ ਕਰਵਾਏ ਗਏ | ਮੱਲ੍ਹਾਂ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਪੂਨਮ ਕੁਮਾਰੀ ਨੇ ਦੱਸਿਆ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਸ਼ਬਦ ਗਾਇਨ, ਲੋਕ ਗੀਤ, ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਇਸ ਮੌਕੇ 'ਤੇ ਜੱਜਾਂ ਦੀ ਭੂਮਿਕਾ ਨੀਰਜ ਕੁਮਾਰ, ਸ੍ਰੀਮਤੀ ਪ੍ਰਦੀਪ ਲਤਾ, ਸ੍ਰੀਮਤੀ ਬੰਸਬੀਰ ਕੌਰ, ਸ੍ਰੀਮਤੀ ਸੀਮਾ ਆਰੀਆ ਨੇ ਬਾਖ਼ੂਬੀ ਨਿਭਾਈ | ਉਨ੍ਹਾਂ ਨੇ ਦੱਸਿਆ ਕਿ ਹਰ ਹਾਊਸ ਦੀ ਹਰ ਸ਼ੇ੍ਰਣੀ ਵਿਚੋਂ ਦੋ-ਦੋ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਸ਼ਬਦ ਗਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਅਤੁਲ ਕਿ੍ਸ਼ਨ ਅਤੇ ਚੇਤਨ ਮਚਲ, ਦੂਜਾ ਸਥਾਨ ਜਪਲੀਨ ਕੌਰ, ਤੀਜਾ ਅੰਮਿ੍ਤ ਕੌਰ ਨੇ ਹਾਸਲ ਕੀਤਾ ਅਤੇ ਖੁਸ਼ਪ੍ਰੀਤ ਕੌਰ ਨੇ ਕੰਸੋਲੇਸ਼ਨ ਇਨਾਮ ਹਾਸਲ ਕੀਤਾ | ਉਨ੍ਹਾਂ ਨੇ ਅੱਗੇ ਦੱਸਿਆ ਕਿ ਕਵਿਤਾ ਉਚਾਰਨ ਮੁਕਾਬਲੇ ਵਿਚ ਪਹਿਲਾ ਸਥਾਨ ਹਰਸ਼ਦੀਪ ਤੇ ਕਰਮਜੀਤ ਕੌਰ ਅਤੇ ਮੌਲਿਕ ਰਚਨਾਵਾਂ ਦੀ ਪੇਸ਼ਕਾਰੀ ਕਰਕੇ ਹਾਸਲ ਕੀਤਾ | ਦੂਜਾ ਸਥਾਨ ਕਿਰਨਜੋਤ ਕੌਰ ਤੇ ਤੀਜਾ ਸਥਾਨ ਜੋਬਨਪ੍ਰੀਤ ਕੌਰ ਨੇ ਹਾਸਲ ਕੀਤਾ ਅਤੇ ਕੰਸੋਲੇਸ਼ਨ ਸਥਾਨ ਨਵਜੋਤ ਕੌਰ ਨੇ ਹਾਸਲ ਕੀਤਾ | ਲੋਕ ਗੀਤ ਅਤੇ ਗੀਤਾਂ ਦੇ ਮੁਕਾਬਲੇ ਵਿਚ ਪਹਿਲਾਂ ਸਥਾਨ ਰਚਨਾ ਤੇ ਪ੍ਰਵੀਨ ਨੇ ਹਾਸਲ ਕੀਤਾ ਦੂਜਾ ਸਥਾਨ ਗੁਰਮਨਪ੍ਰੀਤ ਕੌਰ ਅਤੇ ਤੀਜਾ ਦੁਰਗਾ ਨੇ ਹਾਸਲ ਕੀਤਾ ਅਤੇ ਨਵਨੀਤ ਤੇ ਵਿਕਰਮ ਨੇ ਕੰਸੋਲੇਸ਼ਨ ਸਥਾਨ ਹਾਸਲ ਕੀਤਾ | ਹੋਰਨਾਂ ਸਮੇਤ ਅਮਿਤਾ ਰਾਣੀ, ਸਮਰਿੱਧੀ ਖੁੱਲਰ, ਨਵਦੀਪ ਕੁਮਾਰ, ਨੀਲਮ ਗੁਪਤਾ, ਸੋਨੀਆ ਕੁਮਾਰ, ਰੇਖਾ ਸ਼ਰਮਾ, ਗੁਰਪ੍ਰੀਤ ਕੌਰ, ਰੇਨੂੰ ਬਾਲਾ, ਜੱਜ ਸਿੰਘ, ਰਜੇਸ਼ ਸਿਆਲ, ਵੰਦਨਾ ਥਾਪਰ, ਨਵਨੀਤ ਕੌਰ, ਜਸਪ੍ਰੀਤ ਕੌਰ, ਚਰਨਜੀਤ ਸਿੰਘ, ਰਮਨਜੀਤ ਕੌਰ, ਪਰਮਿੰਦਰ ਕੌਰ, ਨੀਤੂ ਖੰਨਾ, ਪਰਵਿੰਦਰ ਕੌਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ 'ਤੇ ਸਤਿਕਾਰ ਨਾਲ ਮਨਾਇਆ
ਸਮਾਣਾ, (ਸਾਹਿਬ ਸਿੰਘ)-ਗੁਰਦੁਆਰਾ ਸਤਿਸੰਗ ਸਭਾ ਘੜ੍ਹਾਮੀ ਪੱਤੀ ਸਮਾਣਾ ਵਿਖੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ 'ਤੇ ਸਤਿਕਾਰ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ | ਹਜ਼ਾਰਾਂ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਤੇ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਰਾਤ ਦੇ ਸਮਾਗਮ ਵਿਚ ਭਾਈ ਜਤਿੰਦਰ ਸਿੰਘ ਕਿਲ੍ਹਾ ਮੁਬਾਰਕ ਪਟਿਆਲਾ, ਬਾਬਾ ਰਣਜੋਧ ਸਿੰਘ ਗੁਰਦੁਆਰਾ ਜਿੱਤ ਸਾਹਿਬ ਤੇ ਭਾਈ ਗੁਰਦੀਪ ਸਿੰਘ ਬਾਵਾ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ | ਗੁਰਦੁਆਰਾ ਕਮੇਟੀ ਦੇ ਸਰਪ੍ਰਸਤ ਅਮਰਜੀਤ ਸਿੰਘ ਪੰਜਰਥ, ਭਾਈ ਸਤਪਾਲ ਸਿੰਘ ਆੜ੍ਹਤੀ, ਪ੍ਰਧਾਨ ਦਵਿੰਦਰ ਸਿੰਘ ਮਹਿਤਾ, ਸੀਨੀ. ਮੀਤ ਪ੍ਰਧਾਨ ਸੁਭਾਸ਼ ਪੰਜਰਥ, ਮੀਤ ਪ੍ਰਧਾਨ ਰਾਜਿੰਦਰ ਸਿੰਘ ਗੋਲਡੀ ਚਾਵਲਾ, ਜਨਰਲ ਸਕੱਤਰ ਹਰਬਿੰਦਰ ਸਿੰਘ ਤੁਲੀ, ਸੰਯੁਕਤ ਸਕੱਤਰ ਤੇਜਿੰਦਰ ਸਿੰਘ ਸਾਹੀ, ਖ਼ਜ਼ਾਨਚੀ ਮਨਮੋਹਨ ਸਿੰਘ ਤੁਲੀ, ਮੁੱਖ ਗ੍ਰੰਥੀ ਬਾਬਾ ਗੁਰਦੀਪ ਸਿੰਘ ਬਾਵਾ, ਕੁਲਵਿੰਦਰ ਸਿੰਘ ਸਿੱਧੂ, ਬੰਟੀ ਵੋਹਰਾ, ਮਨਜੀਤ ਸਿੰਘ ਸਚਦੇਵਾ, ਜਸਬੀਰ ਸਿੰਘ ਐਡਵੋਕੇਟ, ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਸੰਗਤਾਂ ਵੱਖ-ਵੱਖ ਗੁਰੂਘਰਾਂ 'ਚ ਹੋਈਆਂ ਨਤਮਸਤਕ
ਸਮਾਣਾ, (ਸਾਹਿਬ ਸਿੰਘ)-ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਗੁਰੂ ਘਰਾਂ ਵਿਚ ਸ਼ਰਧਾ ਭਾਵਨਾ ਨਾਲ ਮਨਾਇਆ | ਸਵੇਰ ਤੋਂ ਸੰਗਤਾਂ ਗੁਰੂ ਘਰਾਂ ਵਿਚ ਨਤਮਸਤਕ ਹੋਣ ਪਹੁੰਚੀਆਂ | ਹਜ਼ਾਰਾਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ | ਗੁਰਦੁਆਰਾ ਛੇਵੀਂ ਪਾਤਸ਼ਾਹੀ ਮਲਕਾਨਾ ਪੱਤੀ ਗੁਰੂ ਨਾਨਕ ਨਗਰ ਸਮਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡਪਾਠ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਗੁਰਚਰਨ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ | ਗਿਆਨੀ ਸਤਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਕਰਹਾਲੀ ਸਾਹਿਬ ਨੇ ਗੁਰੂ ਜੀ ਦੇ ਜੀਵਨ 'ਤੇ ਕਥਾ ਕੀਤੀ | ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਸਮਾਗਮ ਵਿਚ ਪ੍ਰਧਾਨ ਜਸਵਿੰਦਰ ਸਿੰਘ ਲੂਥਰਾ, ਖ਼ਜ਼ਾਨਚੀ ਦਲਬਾਰਾ ਸਿੰਘ, ਸਾਹਿਬ ਸਿੰਘ ਬੰਦੇਸ਼ਾ, ਗੁਰਚਰਨ ਸਿੰਘ ਟੌਹੜਾ, ਸੁੱਚਾ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ ਚੀਮਾ, ਜਰਨੈਲ ਸਿੰਘ ਸਾਬਕਾ ਅਧਿਕਾਰੀ ਬਿਜਲੀ ਬੋਰਡ, ਕੁਲਵੰਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕੋਟਲੀ, ਅਜੀਤ ਸਿੰਘ ਕੋਟਲੀ, ਗੁਰਜਿੰਦਰ ਸਿੰਘ ਫ਼ੌਜੀ, ਕਿ੍ਸ਼ਨ ਦੇਵ ਭਿੱਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਗੁਰਦੁਆਰਾ ਸਿੱਧਸਰ ਅਲਹੌਰਾਂ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਨਾਭਾ, (ਕਰਮਜੀਤ ਸਿੰਘ)-ਨਾਭਾ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਹੇਠ ਪਹਿਲੇ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਅਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵਲੋਂ ਧਾਰਮਿਕ ਦੀਵਾਨ ਵੀ ਸਜਾਏ ਗਏ | ਇਸ ਮੌਕੇ 'ਤੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਹੀ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ, ਹੈੱਡ ਗ੍ਰੰਥੀ ਬਾਬਾ ਤਰਲੋਚਨ ਪਾਲ ਸਿੰਘ ਲਾਡੀ, ਬਾਬਾ ਬਲਦੇਵ ਸਿੰਘ, ਬਾਬਾ ਗੁਰਬੰਤ ਸਿੰਘ, ਰਜਿੰਦਰ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ, ਬਾਬਾ ਗੁਰਪ੍ਰੀਤ ਸਿੰਘ ਗੋਪੀ, ਬਾਬਾ ਗੁਰਸੇਵਕ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ, ਡਾਕਟਰ ਹਰਪਾਲ ਸਿੰਘ, ਪ੍ਰੋਫੈਸਰ ਸੁਖਵਿੰਦਰਜੀਤ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ, ਨਿਸ਼ਾਵਰ ਸਿੰਘ ਕੂਕੇ, ਛੱਜੂ ਸਿੰਘ ਸ੍ਰੀਮਾਨ, ਗੁਰਵਿੰਦਰ ਸਿੰਘ ਢਿੱਲੋਂ, ਰਘਵੀਰ ਸਿੰਘ, ਰਣਧੀਰ ਸਿੰਘ ਅਲੌਹਰਾ, ਸਰਬਜੀਤ ਸਿੰਘ ਬੇਨੜਾ, ਹਰਦੀਪ ਸਿੰਘ, ਪਾਲ ਸਿੰਘ ਅਲੌਹਰਾ ਤੋਂ ਇਲਾਵਾ ਆਦਿ ਸੰਗਤਾਂ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਰਾਜਪੁਰਾ, (ਜੀ.ਪੀ. ਸਿੰਘ)-ਸਥਾਨਕ ਸ਼ਹਿਰ ਅਤੇ ਨੇੜਲੇ ਖੇਤਰ ਦੇ ਪਿੰਡਾਂ 'ਚ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਖੇਤਰ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ ਗੁਲਾਬ ਨਗਰ, ਗੁਰਦੁਆਰਾ ਨੌਵੀਂ ਪਾਤਸ਼ਾਹੀ ਮਹਿੰਦਰ ਗੰਜ, ਗੁਰਦੁਆਰਾ ਸਾਹਿਬ ਆਹਲੂਵਾਲੀਆ ਪੁਰਾਣਾ ਰਾਜਪੁਰਾ, ਗੁਰਦੁਆਰਾ ਜਪੁ ਸਾਹਿਬ ਗੋਬਿੰਦ ਕਾਲੋਨੀ, ਗੁਰਦੁਆਰਾ ਨਵੀਨ ਸਿੰਘ ਸਭਾ, ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਦੁਆਰਾ ਸਾਹਿਬ ਪੰਚਰੰਗਾ ਚੌਂਕ, ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ, ਗੁਰਦੁਆਰਾ ਰਾਮਗੜ੍ਹੀਆ ਸਾਹਿਬ ਪੁਰਾਣਾ ਰਾਜਪੁਰਾ, ਗੁਰਦੁਆਰਾ ਜੋਤ ਸਰੂਪ ਫੋਕਲ ਪੁਆਇੰਟ, ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਪਿਲਖਣੀ ਸਮੇਤ ਹੋਰ ਗੁਰਦੁਆਰਿਆਂ ਵਿਚ ਵਿਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ | ਇਸ ਦੌਰਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਦੀ ਦੇਖ-ਰੇਖ 'ਚ ਕਰਵਾਏ ਸਮਾਗਮ 'ਚ ਭਾਈ ਵਰਿੰਦਰ ਸਿੰਘ ਦਿੱਲੀ ਵਾਲੇ, ਭਾਈ ਸੁਖਵਿੰਦਰ ਸਿੰਘ ਰਾਜਪੁਰਾ ਵਾਲੇ, ਮੀਰੀ ਪੀਰੀ ਇਸਤਰੀ ਸਤਿਸੰਗ ਰਾਗੀ ਜਥਿਆਂ ਤੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਗੁਲਾਬ ਨਗਰ ਵਿਖੇ ਪ੍ਰਧਾਨ ਭਾਈ ਸੇਵਕ ਦੀ ਦੇਖ-ਰੇਖ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਡੀ.ਐੱਸ.ਪੀ. ਰਾਜਪੁਰਾ ਸਰਕਲ ਮਨਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਤੇ ਉਨ੍ਹਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਭਾਈ ਇਕਬਾਲ ਸਿੰਘ ਸਭਰਵਾਲ, ਭਾਈ ਦਾਤਾਰ ਸਿੰਘ, ਕਰਨਵੀਰ ਸਿੰਘ ਕੰਗ, ਕਿ੍ਪਾਲ ਸਿੰਘ ਭੰਗੂ, ਸੁਖਦੇਵ ਸਿੰਘ ਵਿਰਕ, ਮੈਨੇਜਰ ਰਮਿੰਦਰ ਸਿੰਘ, ਦਵਿੰਦਰ ਸਿੰਘ, ਗੁਰਦੇਵ ਸਿੰਘ ਢਿੱਲੋਂ, ਬੀਬੀ ਪਰਮਜੀਤ ਕੌਰ, ਬੀਬੀ ਯਾਦਵਿੰਦਰ ਕੌਰ, ਹਰਜੀਤ ਕੌਰ, ਰਮਨਦੀਪ ਕੌਰ ਬਾਜਵਾ, ਨਰਿੰਦਰ ਕੌਰ, ਚਰਨ ਕੌਰ ਸਮੇਤ ਹੋਰਾਂ ਨੇ ਸੇਵਾ ਨਿਭਾਈ |
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਨਾਭਾ, (ਕਰਮਜੀਤ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਨਾਭਾ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਰਧਾਪੂਰਵਕ ਮਨਾਇਆ ਗਿਆ | ਸ੍ਰੀ ਅਖੰਡ-ਪਾਠ ਸਾਹਿਬ ਦੇ ਭੋਗ ਉਪਰੰਤ ਬੇਟੀ ਨਵਕਿਰਨ ਕੌਰ ਤੇ ਭਾਈ ਜਤਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸੋਸਾਇਟੀ ਦੇ ਸਰਪ੍ਰਸਤ ਪ੍ਰੋ. ਰਵਿੰਦਰ ਸਿੰਘ ਬੀਰ ਨੇ ਗ੍ਰੰਥੀ ਸਿੰਘਾਂ ਭਾਈ ਜਤਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਗੁਰਮੁਖ ਸਿੰਘ ਤੂੰਗਾਂ, ਭਾਈ ਰਾਮ ਸਿੰਘ ਅਤੇ ਭਾਈ ਜਗਵਿੰਦਰ ਸਿੰਘ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ | ਮੁੱਖ ਮਹਿਮਾਨ ਗੁਰਦੇਵ ਸਿੰਘ ਦੇਵ ਮਾਨ ਐੱਮ. ਐੱਲ. ਏ. ਨਾਭਾ ਨੇ ਹਾਜ਼ਰੀ ਲਗਾਈ ਅਤੇ ਗੁਰਦੁਆਰਾ ਦੀ ਅਧੂਰੀ ਇਮਾਰਤ ਪੂਰੀ ਕਰਵਾਉਣ ਦਾ ਭਰੋਸਾ ਦਿੱਤਾ | ਅਰਜੀਤ ਸਿੰਘ ਟੋਡਰਵਾਲ ਨੂੰ ਡਾ. ਅੰਬੇਡਕਰ ਵਿਚਾਰਧਾਰਾ ਪੁਸਤਕ ਪ੍ਰਤੀਯੋਗਤਾ ਵਿਚ ਭਾਰਤ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਲਵਲੀਨ ਕੌਰ, ਸਿਮਰਨਪ੍ਰੀਤ ਕੌਰ, ਕਰਮਜੀਤ ਸਿੰਘ, ਰਾਜਪਾਲ ਸਿੰਘ, ਮਨਜੀਤ ਕੌਰ, ਮਨਪ੍ਰੀਤ ਸਿੰਘ ਅਤੇ ਜੋਗਿੰਦਰਪਾਲ ਕੌਰ ਨੂੰ ਉਪਲਬਧੀਆਂ ਲਈ ਸਨਮਾਨ ਮਿਲਿਆ | ਲੰਗਰ ਸੇਵਾ ਵਿਚ ਯੋਗਦਾਨ ਲਈ ਜਗਜੀਤ ਸਿੰਘ ਜਸਪਾਲ ਕਾਲੋਨੀ, ਗੁਰਦੀਪ ਸਿੰਘ (ਸੋਨੂੰ), ਰਾਜਵਿੰਦਰ ਸਿੰਘ ਰਾਜੂ, ਜਸਵੀਰ ਸਿੰਘ ਫ਼ੌਜੀ, ਬਲਵਿੰਦਰ ਸਿੰਘ ਰਵੀ ਟੈਂਟ ਹਾਊਸ ਅਤੇ ਧਰਮਪਾਲ ਮਹਿੰਮੀ ਨੂੰ ਵੀ ਸਨਮਾਨਿਤ ਕੀਤਾ ਗਿਆ | ਸਟੇਜ ਚਲਾਉਣ ਦੀ ਜ਼ਿੰਮੇਵਾਰੀ ਅਮਰ ਸਿੰਘ ਟੋਡਰਵਾਲ ਨੇ ਨਿਭਾਈ | ਪ੍ਰੋਗਰਾਮ 'ਚ ਕਈ ਸੇਵਾਦਾਰਾਂ ਅਤੇ ਸੰਗਤਾਂ ਨੇ ਭਾਗ ਲਿਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
ਲਾਛੜੂ ਖ਼ੁਰਦ 'ਚ ਪ੍ਰਕਾਸ਼ ਪੁਰਬ ਮਨਾਇਆ
ਘਨੌਰ, (ਸਰਦਾਰਾ ਸਿੰਘ ਲਾਛੜੂ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਲਾਛੜੂ ਖ਼ੁਰਦ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਏ ਗਏ ਨਗਰ ਕੀਰਤਨ 'ਚ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਸ਼ਰਧਾਲੂਆ ਨੇ ਸ਼ਮੂਲੀਅਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ 'ਚ ਰਾਗੀ ਜਥਿਆਂ ਨੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ 'ਚੋਂ ਕੀਰਤਨ ਕਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
ਅਪੋਲੋ ਸਕੂਲ ਦੇਵੀਗੜ੍ਹ 'ਚ ਪ੍ਰਕਾਸ਼ ਪੁਰਬ ਮਨਾਇਆ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)-ਅਪੋਲੋ ਪਬਲਿਕ ਸਕੂਲ ਦੇਵੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਨੇ ਸਮੁੱਚੇ ਮਾਹੌਲ ਨੂੰ ਅਧਿਆਤਮਿਕਤਾ ਦੇ ਰੰਗ 'ਚ ਰੰਗ ਦਿੱਤਾ | ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ | ਭੋਗ ਉਪਰੰਤ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਤੇ ਗੁਰੂ ਜੀ ਦੀ ਜੀਵਨੀ ਅਤੇ ਉਨ੍ਹਾਂ ਦੇ ਉਪਦੇਸ਼ਾਂ 'ਤੇ ਆਧਾਰਤ ਪ੍ਰਭਾਵਸ਼ਾਲੀ ਭਾਸ਼ਣ ਤੇ ਕਵਿਤਾਵਾਂ ਵੀ ਪੇਸ਼ ਕੀਤੀਆਂ | ਹਰ ਹਾਊਸ ਵਲੋਂ ਗੁਰਪੁਰਬ ਨਾਲ ਸੰਬੰਧਿਤ ਤਿਆਰ ਕੀਤੇ ਗਏ ਸੁੰਦਰ ਬੋਰਡਾਂ ਨੇ ਸਮਾਗਮ ਦੀ ਸ਼ੋਭਾ ਵਧਾਈ | ਇਸ ਮੌਕੇ ਸਕੂਲ ਦੇ ਚੇਅਰਮੈਨ ਤਰਵਿੰਦਰ ਸਿੰਘ ਗਰੋਵਰ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ | ਅਖੀਰ ਵਿਚ ਸਕੂਲ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੰਗਰ ਛਕਿਆ | ਇਸ ਮੌਕੇ ਚੇਅਰਪਰਸਨ ਜਤਿੰਦਰ ਕੌਰ, ਡਾਇਰੈਕਟਰ ਪਿ੍ੰਸੀਪਲ ਰੋਮਾ ਆਨੰਦ, ਨਿਰਦੇਸ਼ਕ ਸਿਮਰਨ ਸਿੰਘ, ਪਿ੍ੰਸੀਪਲ ਰੁਪਿੰਦਰ ਢਿੱਲੋਂ ਤੇ ਪਿ੍ੰਸੀਪਲ ਨੀਲਮਾ ਦਿਕਸ਼ਿਤ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਰਾਜਪੁਰਾ, (ਰਣਜੀਤ ਸਿੰਘ)-ਇੱਥੇ ਨੇੜਲੇ ਪਿੰਡਾਂ ਅਤੇ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਰਾਗੀ ਸਿੰਘਾਂ ਨੇ ਆਈਆਂ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ | ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਜੋਤ ਸਰੂਪ ਫੋਕਲ ਪੁਆਇੰਟ ਰਾਜਪੁਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਰਾਗੀ ਸਿੰਘਾਂ ਨੇ ਆਈਆਂ ਸੰਗਤਾਂ ਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੰਬੰਧੀ ਚਾਨਣਾ ਪਾਇਆ | ਰਜਿੰਦਰ ਸਿੰਘ ਸਭਰਾਵਾਂ ਵਾਲੇ ਢਾਡੀ ਜਥੇ ਨੇ ਸੰਗਤਾਂ ਨੂੰ ਬਾਬੇ ਨਾਨਕ ਦੀ ਜੀਵਨੀ ਤੇ ਸਿੱਖਿਆਵਾਂ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸੰਗਤਾਂ ਨੂੰ ਦੱਸਿਆ ਕਿ ਜਦੋਂ ਸੀ੍ਰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਹਰ ਪਾਸੇ ਹਨੇਰ ਛਾਇਆ ਹੋਇਆ ਸੀ | ਬਾਬੇ ਨਾਨਕ ਨੇ ਦੁਨੀਆਂ ਨੂੰ ਸਿੱਧੇ ਰਸਤੇ ਲਾਇਆ ਅਤੇ ਸੱਚੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਪਤਵੰਤੇ ਸੱਜਣਾਂ ਨੇ ਰਾਗੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਜੀਵਨ ਸਿੰਘ, ਸੰਤ ਸਿੰਘ, ਕਰਮ ਸਿੰਘ, ਜਸਵਿੰਦਰ ਸਿੰਘ, ਦਾਰਾ ਸਿੰਘ, ਗੁਰਚਰਨ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਸੰਬੇਗ ਸਿੰਘ ਸੰਧੂ, ਕਮਾਂਡਰ ਗੁਲਜ਼ਾਰ ਸਿੰਘ, ਸੁਖਦੇਵ ਸਿੰਘ, ਕੁਲਜਿੰਦਰ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ |
ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਪਟਿਆਲਾ, (ਅ.ਸ. ਆਹਲੂਵਾਲੀਆ)-ਗੁਰਦੁਆਰਾ ਸੰਤ ਕੰਬਲੀ ਵਾਲਾ ਸਾਹਿਬ ਵਿਖੇ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵਲੋਂ ਗੁਰੂ ਘਰ ਮੱਥਾ ਟੇਕ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਾਈ ਗੁਰਦੀਪ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਧਾਰਮਿਕ ਦੀਵਾਨਾਂ ਵਿਚ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ |
ਇਸ ਮੌਕੇ ਦੀ ਪਟਿਆਲਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਦਾ ਸਮਾਗਮ ਵਿਚ ਪੁੱਜਣ 'ਤੇ ਗੁਰਦੁਆਰਾ ਸਾਹਿਬ ਵਲੋਂ ਸਿਰੋਪਾਓ ਭੇਟ ਕਰ ਕੇ ਸਨਮਾਨ ਵੀ ਕੀਤਾ | ਇਸ ਮੌਕੇ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਤਿੰਨ ਭੋਗ ਪਾਏ ਗਏ ਹਨ | ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਦੀਪਮਾਲਾ ਕੀਤੀ ਗਈ ਅਤੇ ਸੰਗਤਾਂ ਨੇ ਗੁਰੂ ਘਰ ਦੇ ਸਮਾਗਮਾਂ ਵਿਚ ਪਹੁੰਚ ਕੇ ਨਿਸ਼ਕਾਮ ਸੇਵਾ ਕਰਕੇ ਗੁਰੂ ਪਾਤਸ਼ਾਹ ਦੀਆਂ ਖ਼ੁਸ਼ੀਆਂ ਹਾਸਲ ਕੀਤੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਖੰਨਾ, ਪਰਮਜੀਤ ਸਿੰਘ ਪਟਿਆਲਾ, ਮਲਕੀਤ ਸਿੰਘ ਢੀਂਡਸਾ ਆਦਿ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਸਾਨੂੰ ਸਭਨਾਂ ਨੂੰ ਗੁਰੂ ਸਾਹਿਬ ਜੀ ਵਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦੈੈ- ਰਵਿੰਦਰ ਸਿੰਘ ਵਿੰਦਾ
ਪਟਿਆਲਾ, (ਗੁਰਪ੍ਰੀਤ ਸਿੰਘ ਚੱਠਾ)-ਗੁਰਦੁਆਰਾ ਸ੍ਰੀ ਸਿੰਘ ਸਭਾ ਐੱਸ. ਐੱਸ. ਟੀ. ਨਗਰ, ਸੁੰਦਰ ਨਗਰ, ਬਿਸ਼ਨ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੂਹ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਪ੍ਰਸਿੱਧ ਕੀਰਤਨੀ ਜਥੇ ਤੇ ਕਥਾਵਾਚਕਾਂ ਵਲੋਂ ਹਾਜ਼ਰ ਸੰਗਤਾਂ ਨੂੰ ਇਲਾਹੀ ਕੀਰਤਨ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ | ਇਸ ਮੌਕੇ ਰਵਿੰਦਰ ਸਿੰਘ ਵਿੰਦਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਰਬ-ਸਾਂਝੀਵਾਲਤਾ ਦੇ ਨਾਲ ਸਰਬਤ ਦੇ ਭਲੇ ਲਈ ਬਿਨਾਂ ਕਿਸੇ ਭੇਦਭਾਵ ਇਕੱਠੇ ਰਹਿਣ ਦੀ ਸਾਨੂੰ ਸਿੱਖਿਆ ਦਿਤੀ ਹੈ | ਉਨ੍ਹਾਂ ਦੀਆਂ ਸਿਖਿਆਵਾਂ ਦੇ ਆਧਾਰ 'ਤੇ ਅੱਜ ਵੀ ਅਸੀਂ ਖ਼ੁਸ਼ਹਾਲ ਤੇ ਭਾਈਚਾਰਕ ਜੀਵਨ ਜੀਅ ਸਕਦੇ ਹਾਂ | ਸ. ਵਿੰਦਾ ਨੇ ਦਸਿਆ ਕਿ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਦੌਰਾਨ ਡਾ. ਹਰਮੇਸ਼ ਸਿੰਘ, ਡਾ. ਹਰਬਿੰਦਰ ਸਿੰਘ, ਡਾ. ਰਮਨਦੀਪ ਕੌਰ ਤੇ ਉਨ੍ਹਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ 'ਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਇਸ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਉਠਾਇਆ | ਸਮਾਗਮ ਦੀ ਸਮਾਪਤੀ ਦੌਰਾਨ ਸਮੂਹ ਮੈਡੀਕਲ ਡਾਕਟਰ ਤੇ ਉਨ੍ਹਾਂ ਦੀ ਟੀਮਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਕੇਸ਼ ਸਿੰਘ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਵਿੰਦਾ ਗਰੋਵਰ, ਜਨਰਲ ਸਕੱਤਰ ਰਣਜੀਤ ਸਿੰਘ, ਸਟੋਰ ਮੈਨੇਜਰ ਹਰਿੰਦਰ ਸਿੰਘ ਕਰੀਰ, ਖਜ਼ਾਨਚੀ ਸੁਖਪ੍ਰੀਤ ਸਿੰਘ, ਹੈਡਗ੍ਰੰਥੀ ਭਾਈ ਮੰਗਲ ਸਿੰਘ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਕਥਾਵਾਚਕ ਭਾਈ ਜਸਵਿੰਦਰ ਸਿੰਘ ਮੋਗੇ ਵਾਲੇ ਤੋਂ ਇਲਾਵਾ ਕੇ.ਕੇ. ਬਾਂਸਲ, ਸੂਜਲ ਸ਼ਰਮਾ, ਧਰਮਵੀਰ ਸਿੰਘ, ਅਰਵਿੰਦਰ ਸਿੰਘ ਪੁਪਨੇਜਾ, ਜਪਿੰਦਰ ਸਿੰਘ, ਦਵਿੰਦਰ ਸਿੰਘ ਤੇ ਕੁਲਵੰਤ ਸਿੰਘ ਵਿਰਕ ਵੀ ਮੌਜੂਦ ਸਨ |
ਪੰਜਾਬੀ 'ਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਪਟਿਆਲਾ, 5 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੀਰਤਨ ਦਰਬਾਰ ਵੀ ਸਜਾਇਆ ਗਿਆ, ਜਿਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਕਰਮਚਾਰੀਆਂ ਤੇ ਅਧਿਕਾਰੀਆਂ ਨੇ ਹਾਜ਼ਰੀ ਭਰੀ | ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਸਰਸਾਰ ਕੀਤਾ ਗਿਆ | ਉਹ ਕੁਲਪਤੀ ਡਾ. ਜਗਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਸਰਾਂ ਵਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ |
ਪ੍ਰਕਾਸ਼ ਪੁਰਬ ਮੌਕੇ 100 ਪ੍ਰਾਣੀਆਂ ਲਈ ਖੰਡੇ ਬਾਟੇ ਦੀ ਪਾਹੁਲ
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਅਤੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਪੰਜ ਪਿਆਰਿਆਂ ਪਾਸੋਂ 100 ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ | ਅੰਮਿ੍ਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਬੱਚੇ, ਬਜ਼ੁਰਗ, ਔਰਤਾਂ ਅਤੇ ਨੌਜਵਾਨ ਵੀ ਸ਼ਾਮਲ ਹੋਏ, ਜੋ ਗੁਰੂ ਦੇ ਸਿੱਖ ਬਣੇ | ਪੰਜ ਪਿਆਰਿਆਂ ਨੇ ਪ੍ਰੇਰਨਾ ਦਿੰਦਿਆਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲੇ ਅਨੰਦਪੁਰ ਦੇ ਵਾਸੀ ਹਨ, ਦਸਮੇਸ਼ ਪਿਤਾ ਦੀ ਵਡਮੁੱਲੀ ਦਾਤ ਉਨ੍ਹਾਂ ਨੇ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਰਹਿਤ ਮਰਿਆਦਾ ਅਨੁਸਾਰ ਨਾਮ ਸਿਮਰਨ ਅਤੇ ਬਾਣੀ ਤੇ ਬਾਣੀ ਦਾ ਧਾਰਨੀ ਰਹਿਣਾ ਹੋਵੇਗਾ |