ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ
ਅਜੀਤ ਡੈਸਕ
19-07-2025
ਬਨੂੜ, 18 ਜੁਲਾਈ (ਭੁਪਿੰਦਰ ਸਿੰਘ)-ਅੱਜ ਸਵੇਰੇ ਵਾਰਡ ਨੰਬਰ ਦੋ ਦੇ ਪਿੰਡ ਬਸੀ ਈਸੇ ਖਾਂ ਦੇ ਬਾਜ਼ੀਗਰ ਮੁਹੱਲੇ ਦੇ ਵਸਨੀਕ ਰਾਜ ਕੁਮਾਰ 'ਤੇ ਮਕਾਨ ਦੀ ਛੱਤ ਡਿੱਗ ਗਈ ਅਤੇ ਕਮਰੇ ਵਿਚ ਸੁੱਤੇ ਪਏ ਚਾਰ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ | ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ ਅਤੇ ਉਸ ਕੋਲ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ | ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਇੱਕ ਕਮਰੇ ਵਿਚ ਉਸ ਦੇ ਚਾਰੇ ਬੱਚੇ ਅਤੇ ਦੂਜੇ ਕਮਰੇ ਵਿਚ ਉਸ ਦੀ ਪਤਨੀ ਤੇ ਉਹ ਸੁੱਤੇ ਪਏ ਸਨ ਤੇ ਅਚਾਨਕ ਸਵੇਰੇ ਪੰਜ ਵਜੇ ਦੇ ਕਰੀਬ ਬਰਸਾਤ ਕਾਰਨ ਬੱਚਿਆਂ ਵਾਲੇ ਕਮਰੇ ਦੀ ਛੱਤ ਡਿੱਗ ਗਈ | ਕਮਰੇ ਵਿਚ ਸੁੱਤੇ ਪਏ ਚਾਰੇ ਬੱਚਿਆਂ ਦਾ ਬਚਾਅ ਹੋ ਗਿਆ ਜਦੋਂ ਕਿ ਕਮਰੇ ਵਿਚ ਪਿਆ ਘਰੇਲੂ ਸਮਾਨ ਖਾਣ ਪੀਣ ਦਾ ਸਮਾਨ, ਪੇਟੀ, ਅਲਮਾਰੀ, ਕੱਪੜੇ ਅਤੇ ਹੋਰ ਸਮਾਨ ਖਰਾਬ ਹੋ ਗਿਆ | ਪੀੜਤ ਪਰਿਵਾਰ ਨੇ ਸਰਕਾਰ ਤੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |