ਦੇਵੀਗੜ੍ਹ, 17 ਜੁਲਾਈ (ਰਾਜਿੰਦਰ ਸਿੰਘ ਮੌਜੀ)-ਕੰਬੋਜ਼ ਮਹਾਂ ਸਭਾ ਬਲਾਕ ਭੱੁਨਰਹੇੜੀ ਦੇ ਆਗੂ ਅਤੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ 29 ਜੁਲਾਈ ਨੂੰ ਸੰਗਮ ਪੈਲੇਸ, ਦੇਵੀਗੜ੍ਹ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ ਦੀ ਟੀਮ ਵਲੋਂ ਮਾਲਵਾ ਫ਼ਰੀ ਮੈਗਾ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਵੀ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਕੰਬੋਜ਼ ਮਹਾਂ ਸਭਾ ਦੇ ਪ੍ਰਧਾਨ ਸਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਾਡੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਸਿਰਫ਼ ਸਮਾਗਮ ਕਰਨਾ ਹੀ ਨਹੀਂ, ਸਗੋਂ ਸਮਾਜ ਦੀ ਸੇਵਾ ਕਰਨਾ ਵੀ ਉਨ੍ਹਾਂ ਦੀਆਂ ਬਲਿਦਾਨੀ ਰੂਹਾਂ ਲਈ ਸੱਚੀ ਸ਼ਰਧਾਂਜਲੀ ਹੈ | ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਨੂੰ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਾਅ ਲਈ ਨਿੱਜੀ ਸਵੈ ਚੇਤਨਾ ਅਤੇ ਸਿਹਤ ਸੰਬੰਧੀ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਡਾਕਟਰਾਂ ਦੀ ਟੀਮ ਮੌਜੂਦ ਰਹੇਗੀ ਜੋ ਆਦਮੀਆਂ ਅਤੇ ਔਰਤਾਂ ਦੀ ਵਿਸ਼ੇਸ਼ ਤੌਰ 'ਤੇ ਮੂੰਹ, ਛਾਤੀ, ਬੱਚੇਦਾਨੀ ਅਤੇ ਹੋਰ ਕਿਸਮਾਂ ਦੇ ਕੈਂਸਰ ਦੀ ਜਾਂਚ ਕਰੇਗੀ | ਜਾਂਚ ਦੇ ਨਾਲ-ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਭੁਪਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾ ਵੀ ਨਰ-ਨਾਰੀ ਆਪਣੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੇ ਅਜੀਬ ਲੱਛਣ ਮਹਿਸੂਸ ਕਰ ਰਹੇ ਹਨ ਜਾਂ ਜਿਨ੍ਹਾਂ ਦੀ ਪਰਿਵਾਰਕ ਇਤਿਹਾਸ ਵਿਚ ਕੈਂਸਰ ਦੇ ਕੇਸ ਰਹੇ ਹਨ, ਉਹ ਇਸ ਕੈਂਪ ਦਾ ਲਾਭ ਲੈਣ ਲਈ ਜ਼ਰੂਰ ਪਹੁੰਚਣ | ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਪੜਾਅ 'ਚ ਕੈਂਸਰ ਦੀ ਪਛਾਣ ਹੋ ਜਾਣ ਨਾਲ ਇਲਾਜ ਆਸਾਨ ਅਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੁਫ਼ਤ ਕੈਂਪ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਹਰ ਵਰਗ ਲਈ ਖੁੱਲ੍ਹਾ ਹੈ ਅਤੇ ਕਿਸੇ ਵੀ ਉਮਰ ਦੇ ਵਿਅਕਤੀ ਇਸ ਵਿਚ ਆ ਕੇ ਆਪਣੀ ਜਾਂਚ ਕਰਵਾ ਸਕਦੇ ਹਨ | ਸਾਡਾ ਮਕਸਦ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਅਤੇ ਉਨ੍ਹਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ |