05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ 'ਚ ਬਿਜਲੀ ਮੁਲਾਜ਼ਮਾਂ ਵਲੋਂ ਸਰਕਲ ਪੱਧਰੀ ਧਰਨੇ ਜਾਰੀ

ਅਜੀਤ ਡੈਸਕ 18-07-2025
ਪਟਿਆਲਾ, 17 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੀਆਂ ਪ੍ਰਮੁੱਖ ਜਥੇਬੰਦੀਆਂ 'ਤੇ ਆਧਾਰਤ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਆਗੂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਪ੍ਰੈਸ ਦੇ ਨਾਂਅ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਬੀਤੀ 2 ਜੂਨ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਪ੍ਰਬੰਧਨ ਦੀ ਮੀਟਿੰਗ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ, ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਾਵਰਕਾਮ ਟ੍ਰਾਂਸਕੋ ਜਥੇਬੰਦੀਆਂ ਨਾਲ ਹੋਈ ਸੀ, ਜਿਸ ਵਿਚ ਲਗਭਗ 25 ਤੋਂ ਵੱਧ ਜਾਇਜ਼ ਮੰਗਾਂ 'ਤੇ ਗੱਲਬਾਤ ਰਾਹੀਂ ਸਹਿਮਤੀਆਂ ਬਣੀਆਂ ਸਨ ਅਤੇ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਨ੍ਹਾਂ ਸਹਿਮਤੀਆਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਲਾਗੂ ਕਰ ਦਿੱਤਾ ਜਾਵੇਗਾ | ਆਗੂਆਂ ਵਲੋਂ ਦੱਸਿਆ ਗਿਆ ਕਿ ਡੇਢ ਮਹੀਨਾ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਇਨ੍ਹਾਂ ਹੱਕੀ ਅਤੇ ਜਾਇਜ਼ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਵਿਚ ਬਿਜਲੀ ਨਿਗਮ ਦਾ ਪ੍ਰਸ਼ਾਸਨ ਨਾਕਾਮ ਰਿਹਾ ਹੈ ਜਿਸ ਕਾਰਨ ਸਮੂਹ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ, ਜਿਸ ਦੇ ਚੱਲਦਿਆਂ ਬਿਜਲੀ ਕਰਮਚਾਰੀ ਸੂਬੇ ਵਿਚ ਵਰਕ ਟੂ ਰੂਲ ਅਨੁਸਾਰ ਸਿਰਫ਼ ਆਪਣੀ ਬਣਦੀ ਡਿਊਟੀ ਕਰ ਰਹੇ ਹਨ ਅਤੇ ਪੰਜਾਬ ਦੇ ਵੱਖ-ਵੱਖ ਸਰਕਲ ਦਫ਼ਤਰਾਂ ਅੱਗੇ ਲੜੀਵਾਰ ਭਰਵੇਂ ਰੋਸ ਧਰਨੇ ਲਗਾ ਰਹੇ ਹਨ |
ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਬਿਜਲੀ ਮੰਤਰੀ ਦੀ ਹਾਜ਼ਰੀ ਵਿਚ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਵਰਕ ਟੂ ਰੂਲ ਅਗਲੇ ਐਲਾਨ ਤੱਕ ਲਗਾਤਾਰ ਜਾਰੀ ਰਹੇਗਾ ਅਤੇ 27 ਜੁਲਾਈ ਨੂੰ ਸੂਬੇ ਭਰ ਦੇ ਬਿਜਲੀ ਮੁਲਾਜ਼ਮ, ਬਿਜਲੀ ਮੰਤਰੀ ਦੀ ਅੰਮਿ੍ਤਸਰ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾਉਣਗੇ ਅਤੇ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਸਮੂਹ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀਆਂ 'ਤੇ ਜਾਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰ ਪ੍ਰਬੰਧਨ ਅਤੇ ਸਰਕਾਰ ਦੀ ਹੋਵੇਗੀ |
ਪਿਛਲੀ ਖ਼ਬਰ 22 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਕੇਸ ਦਰਜ ਅਗਲੀ ਖ਼ਬਰ ਸਿਹਤ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਲਾਮਬੰਦ ਹੋਣ ਦਾ ਦਿੱਤਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।