20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੀ.ਬੀ.ਐਸ.ਈ. ਦੀ ਸਪਲੀਮੈਂਟਰੀ ਪ੍ਰੀਖਿਆ ਵਿਚ ਨਕਲੀ ਉਮੀਦਵਾਰ ਫੜਿਆ

ਅਜੀਤ ਡੈਸਕ 16-07-2025
ਪਟਿਆਲਾ, 15 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸੀ.ਬੀ.ਐਸ.ਈ. ਵਲੋਂ ਕਰਵਾਈ ਗਈ 12ਵੀਂ ਜਮਾਤ ਦੀ ਸਪਲੀਮੈਂਟਰੀ ਪ੍ਰੀਖਿਆ ਵਿਚ ਨਕਲ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਅੱਜ ਸਮਾਜ ਸ਼ਾਸਤਰ ਵਿਸ਼ੇ ਦੀ ਪ੍ਰੀਖਿਆ ਦੌਰਾਨ ਇਕ ਨੌਜਵਾਨ ਨੂੰ ਦੂਜੇ ਵਿਦਿਆਰਥੀ ਦੀ ਥਾਂ ਪ੍ਰੀਖਿਆ ਦਿੰਦੇ ਹੋਏ ਰੰਗੇ ਹੱਥੀਂ ਫੜਿਆ ਗਿਆ | ਜਿਸ ਕਾਰਨ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ | ਜਾਣਕਾਰੀ ਅਨੁਸਾਰ ਪਾਤੜਾਂ ਇਲਾਕੇ ਦੇ ਇਕ ਨਿੱਜੀ ਸਕੂਲ ਦਾ ਇਕ ਵਿਦਿਆਰਥੀ ਪਟਿਆਲਾ ਦੇ ਇਕ ਨਿੱਜੀ ਸਕੂਲ ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਸਪਲੀਮੈਂਟਰੀ ਪ੍ਰੀਖਿਆ ਦੇਣ ਆਇਆ ਸੀ ਪਰ ਜਿਵੇਂ ਹੀ ਨੌਜਵਾਨ ਪ੍ਰੀਖਿਆ ਦੇਣ ਲਈ ਕਮਰੇ ਵਿਚ ਪਹੁੰਚਿਆ, ਉੱਥੇ ਡਿਊਟੀ 'ਤੇ ਤਾਇਨਾਤ ਅਧਿਆਪਕ ਨੂੰ ਉਸ ਦੀ ਉਮਰ ਦੂਜੇ ਉਮੀਦਵਾਰਾਂ ਨਾਲੋਂ ਕੁਝ ਜ਼ਿਆਦਾ ਲੱਗੀ | ਸ਼ੱਕ ਦੇ ਆਧਾਰ 'ਤੇ ਅਧਿਆਪਕ ਨੇ ਨੌਜਵਾਨ ਨੂੰ ਸੀ.ਬੀ.ਐਸ.ਈ. ਵਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਦਿਖਾਉਣ ਲਈ ਕਿਹਾ | ਜਦੋਂ ਕਾਰਡ ਦੇਖਿਆ ਗਿਆ ਤਾਂ ਇਸ ਨਾਲ ਵੀ ਛੇੜਛਾੜ ਕੀਤੀ ਗਈ ਸੀ ਅਤੇ ਫ਼ੋਟੋ ਬਦਲੀ ਗਈ ਅਤੇ ਉਕਤ ਨੌਜਵਾਨ ਦੀ ਫ਼ੋਟੋ ਲਗਾ ਦਿੱਤੀ ਗਈ | ਇਸ 'ਤੇ ਪ੍ਰੀਖਿਆ ਕੇਂਦਰ ਵਲੋਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ | ਜਦੋਂ ਸੀ.ਬੀ.ਐਸ.ਈ. ਅਧਿਕਾਰੀਆਂ ਨੇ ਸੰਬੰਧਿਤ ਸਕੂਲ ਪ੍ਰਬੰਧਨ ਨਾਲ ਸੰਪਰਕ ਕੀਤਾ ਤਾਂ ਇਹ ਸਪਸ਼ਟ ਹੋ ਗਿਆ ਕਿ ਪ੍ਰੀਖਿਆ ਵਿਚ ਬੈਠਣ ਵਾਲਾ ਨੌਜਵਾਨ ਅਸਲੀ ਵਿਦਿਆਰਥੀ ਨਹੀਂ ਸੀ | ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਨਕਲੀ ਉਮੀਦਵਾਰ ਨੂੰ ਕੁਝ ਪੈਸੇ ਦੇ ਕੇ ਕਿਸੇ ਹੋਰ ਵਿਦਿਆਰਥੀ ਦੀ ਥਾਂ ਪ੍ਰੀਖਿਆ ਵਿਚ ਬੈਠਣ ਲਈ ਭੇਜਿਆ ਗਿਆ ਸੀ | ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਸਬ-ਇੰਸਪੈਕਟਰ ਅਨੁਸਾਰ ਇਸ ਸਾਜ਼ਿਸ਼ ਵਿਚ ਉਸ ਨਾਲ ਹੋਰ ਕੌਣ-ਕੌਣ ਸ਼ਾਮਲ ਹੈ , ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ | ਜਾਂਚ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸੀ.ਬੀ.ਐਸ.ਈ. ਆਪਣੇ ਪੱਧਰ 'ਤੇ ਅਜਿਹੀਆਂ ਬੇਨਿਯਮੀਆਂ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਵੀ ਤਿਆਰੀ ਕਰ ਰਿਹਾ ਹੈ |
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਵਸ ਸੰਬੰਧੀ ਮੀਟਿੰਗ ਕੱਲ੍ਹ ਅਗਲੀ ਖ਼ਬਰ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਾਰਿਆਂ ਨੇ ਸਿਆਸਤ ਕੀਤੀ-ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।