ਸਨੌਰ, 14 ਜੁਲਾਈ (ਗੀਤਵਿੰਦਰ ਸਿੰਘ ਸੋਖਲ)-ਹਲਕਾ ਸਨੌਰ ਦੇ ਪਿੰਡ ਲਲੀਨਾ 'ਚ ਚੰਡੀਗੜ੍ਹ ਤੋਂ ਇਕ ਵੱਡੇ ਕਾਫ਼ਲੇ 'ਚ 7 ਤੋਂ 8 ਟੈਕਸੀਆਂ 'ਚ ਪਹੁੰਚੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਪਾਰਟੀ ਵਲੋਂ ਕਸ਼ਮੀਰ ਸਿੰਘ ਨਾਂਅ ਦੇ ਵਿਅਕਤੀ ਦੇ ਘਰ ਛਾਪਾਮਾਰੀ ਦੀ ਖ਼ਬਰ ਸਾਹਮਣੇ ਆਈ ਹੈ | ਇਹ ਛਾਪਾਮਾਰੀ ਕੁਝ ਦਿਨ ਪਹਿਲਾਂ ਸੇਵਾਮੁਕਤ ਹੋਏ ਕਸ਼ਮੀਰ ਸਿੰਘ ਜੋ ਸਰਹਿੰਦ (ਫ਼ਤਹਿਗੜ੍ਹ ਸਾਹਿਬ) ਦੇ ਕੋਆਪੇ੍ਰਟਿਵ ਬੈਂਕ 'ਚ ਮੈਨੇਜਰ ਤੈਨਾਤ ਰਹੇ ਸਨ, ਦੀ ਪਿੰਡ ਲਲੀਨਾ ਰਿਹਾਇਸ਼ ਵਿਖੇ ਸਵੇਰੇ 6 ਵਜੇ ਦੇ ਕਰੀਬ ਕੀਤੀ ਗਈ | ਇਨਕਮ ਟੈਕਸ ਅਧਿਕਾਰੀਆਂ ਵਲੋਂ ਕੀਤੀ ਛਾਪੇਮਾਰੀ ਕਾਰਨ ਅੱਜ ਸਵੇਰੇ ਤੋਂ ਹੀ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਸੂਤਰਾਂ ਅਨੁਸਾਰ ਇਹ ਛਾਪੇਮਾਰੀ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਹੈ | ਇਸ ਮੌਕੇ ਕਸ਼ਮੀਰ ਸਿੰਘ ਦੇ ਘਰ ਦੇ ਚੁਫੇਰੇ ਗੱਡੀਆਂ ਖੜ੍ਹੀਆਂ ਦਿਖਾਈ ਦਿੱਤੀਆਂ | ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਗੁਪਤ ਨੂੰ ਰੱਖਿਆ ਗਿਆ ਹੈ | ਇਸ ਸੰਬੰਧੀ ਏ. ਐਸ. ਆਈ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੰਡੀਗੜ੍ਹ, ਲੁਧਿਆਣਾ ਦੀਆ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਦੇ ਵਿਚ 10 ਦੇ ਕਰੀਬ ਡਿਪਾਰਟਮੈਂਟ ਦੇ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਇਹ ਛਾਪੇਮਾਰੀ ਸਵੇਰੇ 6 ਵਜੇ ਸ਼ੁਰੂ ਹੋਈ ਅਤੇ ਰਾਤ 8 ਵਜੇ ਤੱਕ ਤਕਰੀਬਨ 14 ਘੰਟੇ ਚੱਲੀ | ਇਸ ਸੰਬੰਧੀ ਇਨਕਮ ਟੈਕਸ ਡਿਪਾਰਟਮੈਂਟ ਨਾਲ ਗੱਲ ਨਹੀਂ ਹੋ ਸਕੀ | ਉਨ੍ਹਾਂ ਦਸਿਆ ਕਿ ਇਨਕਮ ਟੈਕਸ ਡਿਪਾਰਟਮੈਂਟ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਹੈ |