ਘਨੌਰ, 14 ਜੁਲਾਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਰਦਾਂਪੁਰ ਦੇ ਸੁਖਜਿੰਦਰ ਸਿੰਘ (39) ਪੁੱਤਰ ਗੁਰਚਰਨ ਸਿੰਘ ਦੀ ਬੀਤੇ ਦਿਨ ਸੱਪ ਦੇ ਡੰਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮਰਦਾਂਪੁਰ ਦੇ ਗ੍ਰਾਮ ਪੰਚਾਇਤ ਮੈਂਬਰ ਹਰਮੇਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪਿੰਡ ਦੇ ਸੁਖਜਿੰਦਰ ਸਿੰਘ ਦੀ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ 10-12 ਸਾਲ ਤੋਂ ਸ਼ਰਾਬ ਫ਼ੈਕਟਰੀ ਦੇ ਵਿਚ ਕੰਮ ਕਰਦਾ ਸੀ ਅਤੇ ਬੀਤੇ ਕੱਲ੍ਹ ਉਸ ਨੂੰ ਢਾਈ ਕੁ ਵਜੇ ਦੇ ਕਰੀਬ ਸੱਪ ਨੇ ਕੱਟਿਆ ਅਤੇ 5 ਵਜੇ ਦੇ ਲਗਭਗ ਉਸ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਦੇ ਦੋ ਬੱਚੇ ਹਨ ਅਤੇ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ | ਇਸ ਮੌਕੇ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਅਤੇ ਸਮੂਹ ਪਰਿਵਾਰ ਦੇ ਨਾਲ ਪਿੰਡ ਮਰਦਾਂਪੁਰ ਦੇ ਸਰਪੰਚ ਮੇਹਰ ਸਿੰਘ, ਸਾਬਕਾ ਸਰਪੰਚ ਲਾਲ ਸਿੰਘ, ਚਰਨਜੀਤ ਸਿੰਘ, ਨੰਬਰਦਾਰ ਰਾਮ ਰਤਨ ਸਮੇਤ ਸਮੂਹ ਪਿੰਡ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |