11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਾਬਾ ਬਕਾਲਾ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 'ਸਫ਼ਰ-ਏ-ਸ਼ਹਾਦਤ' ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਅਜੀਤ ਡੈਸਕ 26-12-2025

ਬਾਬਾ ਬਕਾਲਾ ਸਾਹਿਬ, 25 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 'ਸਫਰ-ਏ-ਸ਼ਹਾਦਤ' ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਭਾਵਪੂਰਨ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਨਾਲ ਪੂਰੇ ਕੈਂਪਸ 'ਚ ਆਤਮਿਕ ਮਾਹੌਲ ਬਣਿਆ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ, ਕਵੀਸ਼ਰੀ ਤੇ ਭਾਵਪੂਰਨ ਭਾਸ਼ਣ ਪੇਸ਼ ਕੀਤੇ ਗਏ | ਇਸ ਮੌਕੇ ਸ਼ਹੀਦੀ ਦਿਵਸ ਨਾਲ ਸੰਬੰਧਿਤ ਵਿਦਿਆਰਥੀਆਂ ਤੇ ਸਟਾਫ਼ ਵਲੋਂ ਇੱਕ ਸੁੰਦਰ ਤੇ ਜਾਣਕਾਰੀਪੂਰਣ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਘਟਨਾਵਾਂ ਨੂੰ ਦਰਸਾਇਆ ਗਿਆ | ਇਸ ਦੌਰਾਨ ਸ਼ਹੀਦੀ ਦਿਵਸ ਨਾਲ ਸੰਬੰਧਿਤ ਗਤੀਵਿਧੀਆਂ ਵਿਚ ਸਰਗਰਮ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ: ਕੁਲਬੀਰ ਸਿੰਘ ਮਾਨ ਤੇ ਪਿ੍ੰਸੀਪਲ ਮੈਡਮ ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਨੂੰ ਸੱਚ, ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਅਟੱਲ ਹੌਂਸਲੇ ਨਾਲ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਜੀਵਨ ਵਿਚ ਇਮਾਨਦਾਰੀ, ਅਨੁਸ਼ਾਸਨ ਤੇ ਸੇਵਾ ਭਾਵਨਾ ਨੂੰ ਅਪਣਾਉਣ ਤੇ ਸਮਾਜ ਲਈ ਚੰਗਾ ਨਾਗਰਿਕ ਬਣਨ | ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਿੱਖ ਮੁੱਲਾਂ ਨਾਲ ਜੁੜੇ ਰਹਿਣ, ਵੱਡਿਆਂ ਦਾ ਆਦਰ ਕਰਨ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ | ਸਕੂਲ ਪ੍ਰਬੰਧਕਾਂ ਵਲੋਂ ਕਿਹਾ ਗਿਆ ਕਿ ਅਜਿਹੇ ਧਾਰਮਿਕ ਤੇ ਇਤਿਹਾਸਕ ਸਮਾਗਮ ਵਿਦਿਆਰਥੀਆਂ ਵਿਚ ਸਿੱਖ ਇਤਿਹਾਸ ਪ੍ਰਤੀ ਜਾਗਰੂਕਤਾ, ਸੰਸਕਾਰ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ | ਸਕੂਲ ਦੇ ਮੈਨੇਜਮੈਂਟ ਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਸੱਚ, ਸਹਿਨਸ਼ੀਲਤਾ ਤੇ ਨਿਡਰਤਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਮਾਗਮ ਦੀ ਸਫਲਤਾ ਲਈ ਪਿ੍ੰਸੀਪਲ ਮੈਡਮ ਹਰਵਿੰਦਰ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਦੀ ਸਰਾਹਨਾ ਕੀਤੀ ਗਈ |

ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਬਿਜਲੀ ਅਤੇ ਬੀਜ ਬਿੱਲ 2025 ਖ਼ਿਲਾਫ਼ ਸਰਹੱਦੀ ਪਿੰਡਾਂ ਵਿਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਰਾਣਾ ਸ਼ੂਗਰ ਮਿੱਲ ਵਲੋਂ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਕੀਰਤਨ ਸਮਾਗਮ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।