ਟਾਹਲੀ ਸਾਹਿਬ, 7 ਨਵੰਬਰ (ਵਿਨੋਦ ਭੀਲੋਵਾਲ)-ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਨਾਲ ਮਾਰੂ ਫੈਸਲਾ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਹੈ ਅਤੇ ਸਿੱਧੇ ਤੌਰ 'ਤੇ ਆਪਣਾ ਅਧਿਕਾਰ ਜਮਾ ਲਿਆ ਹੈ, ਜੋ ਕਿ ਸਰਾਸਰ ਪੰਜਾਬ ਨਾਲ ਧੋਖਾ ਕੀਤਾ ਹੈ ਅਤੇ ਇਹ ਮਾਰੂ ਫੈਸਲੇ ਨਾਲ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤ ਰਹੀ ਹੈ | ਇਨ੍ਹਾਂ ਸਬਦਾ ਦਾ ਪ੍ਰਗਟਾਵਾ ਮਜੀਠਾ ਹਲਕੇ ਸੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ ਖੁਰਦ ਨੇ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਪਰ ਉਨ੍ਹਾਂ ਦੀਆਂ ਨੀਤੀਆਂ ਹਮੇਸ਼ਾਂ ਪੰਜਾਬ ਮਾਰੂ ਹੀ ਰਹੀਆਂ ਹਨ | ਪੰਜਾਬ ਨੂੰ ਕਦੇ ਦੇਸ਼ ਦੀ ਵੰਡ ਕਰਵਾਈ, ਕਦੇ ਭਾਸ਼ਾ ਦੇ ਆਧਾਰ 'ਤੇ ਵੰਡਿਆ ਗਿਆ, ਅਦਾਰਿਆਂ 'ਤੇ ਅਸਿੱਧੇ/ਸਿੱਧੇ ਤੌਰ 'ਤੇ ਅਧਿਕਾਰ ਜਮਾਏ ਗਏ ਤੇ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਜਿਸ ਨੂੰ ਹੌਲੀ-ਹੌਲੀ ਪੰਜਾਬ ਤੋਂ ਖੋਹ ਲਿਆ ਗਿਆ, ਫਿਰ ਭਾਖੜਾ ਡੈਮ ਵੱਲ ਹੋ ਗਿਆ ਤੇ ਉਸ ਨੂੰ ਵੀ ਪੰਜਾਬ ਤੋਂ ਹੱਥਲ ਕਰ ਦਿੱਤਾ, ਹੁਣ ਸਿੱਧੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਵੀ ਖੋਹ ਲਈ ਗਈ ਹੈ, ਜਿਸ ਦੀ ਧੱਕੇਸ਼ਾਹੀ ਪੰਜਾਬ ਵਾਸੀ ਹੁਣ ਨਹੀਂ ਬਰਦਾਸ਼ਤ ਸਕਦੇ ਹਨ | ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਕਦਮ, ਭਾਜਪਾ ਦਾ ਪੰਜਾਬ ਮਾਰੂ ਚਿਹਰਾ ਨੰਗਾ ਕਰਦਾ ਹੈ, ਜਿਸ ਦਾ ਸਾਨੂੰ ਸਾਰਿਆਂ ਨੂੰ ਰਲ ਕੇ ਵਿਰੋਧ ਕਰਨਾ ਚਾਹੀਦਾ ਹੈ |