ਅਜਨਾਲਾ, 7 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੁੱਲ ਹਿੰਦ ਕਿਸਾਨ ਸਭਾ ਦੀ ਅੰਮਿ੍ਤਸਰ ਇਕਾਈ ਵਲੋਂ ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਐੱਸ.ਡੀ.ਐੱਮ. ਦਫਤਰ ਅਜਨਾਲਾ ਦਾ ਘਿਰਾਓ ਕਰਕੇ ਰੋਸ ਰੈਲੀ ਕੀਤੀ ਗਈ | ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਅਜਨਾਲਾ, ਸਵਿੰਦਰ ਸਿੰਘ ਮੀਰਾਂਕੋਟ, ਐਡਵੋਕੇਟ ਕਵਲਜੀਤ ਕੌਰ, ਭੁਪਿੰਦਰਜੀਤ ਸਿੰਘ ਛੀਨਾ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਅਗਲੀ ਫਸਲ ਦੀ ਬਿਜਾਈ ਲਈ ਬੀਜ ਅਤੇ ਖਾਦ ਫੌਰੀ ਤੌਰ ਤੇ ਮੁਹੱਈਆ ਕਰਵਾਏ ਜਾਣ | ਹੜ੍ਹਾਂ ਕਾਰਨ ਢਹਿ ਅਤੇ ਨੁਕਸਾਨੇ ਗਏ ਮਕਾਨਾਂ ਲਈ 15 ਲੱਖ ਰੁਪਏ ਪ੍ਰਤੀ ਮਕਾਨ ਮੁਆਵਜ਼ਾ ਅਤੇ ਹੜ੍ਹਾਂ ਕਾਰਨ ਗਈਆਂ ਕੀਮਤੀ ਮਨੁੱਖੀ ਜਾਨਾਂ ਲਈ ਹਰੇਕ ਮਿ੍ਤਕ ਵਿਅਕਤੀ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ | ਹੜ੍ਹਾਂ ਕਾਰਨ ਪਸ਼ੂ ਧਨ (ਮੱਝਾਂ, ਗਾਵਾਂ, ਬੱਕਰੀਆਂ, ਮੁਰਗੀਆਂ ਆਦਿ) ਦੇ ਨੁਕਸਾਨ ਦਾ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਹੜ੍ਹਾਂ ਕਰਕੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਦਰਿਆ ਦੀ ਭੇਟ ਚੜ ਗਈ ਹੈ ਉਨ੍ਹਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿਚ ਰੇਤ ਆ ਗਈ ਹੈ ਉਸ ਨੂੰ ਫੌਰੀ ਤੌਰ ਤੇ ਹਟਾਇਆ ਦੀ ਮੰਗ ਕੀਤੀ ਗਈ | ਹੜ੍ਹਾਂ ਕਾਰਨ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਬੰਦ ਹੋ ਗਏ ਹਨ ਪ੍ਰਭਾਵਿਤ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਗਲੇ ਛੇ ਮਹੀਨਿਆਂ ਲਈ ਗੁਜ਼ਾਰਾ ਭੱਤਾ ਦਿੱਤਾ ਜਾਵੇ | ਇਸ ਮੌਕੇ ਐਸ.ਡੀ.ਐੱਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਰੈਲੀ ਵਿਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਹਰ ਹੜ੍ਹ ਪੀੜਤ ਨੂੰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇਗਾ | ਇਸ ਮੌਕੇ ਜਸਬੀਰ ਸਿੰਘ ਝਬਾਲ, ਪਰਮਜੀਤ ਕੌਰ, ਮਨਦੀਪ ਕੌਰ ਖਿਆਲਾ, ਜਸਵੰਤ ਕੌਰ ਕਲੋਮਾਹਲ, ਗੁਰਮੀਤ ਕੌਰ ਜੱਟਾ, ਰਾਜੂ ਕਰਾਲੀਆਂ, ਧੀਰ ਸਿੰਘ ਘੋਨੇਵਾਲਾ, ਪਿਆਰਾ ਸਿੰਘ ਤਲਵੰਡੀ, ਸੁਵਿੰਦਰ ਸਿੰਘ ਸਿੱਧੂ, ਬਖਤਾਵਰ ਸਿੰਘ ਜੌਂਸ, ਰਮੇਸ਼ ਚੰਦਰ ਆਦਿ ਹਾਜ਼ਰ ਸਨ |