28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਟੋਲ ਪਲਾਜ਼ਾ ਛਿੱਡਣ ਦੇ ਅੜੀਅਲ ਰਵੱਈਏ ਵਿਰੁੱਧ ਕਿਸਾਨਾਂ ਦਾ ਧਰਨਾ 8ਵੇਂ ਦਿਨ ਵੀ ਜਾਰੀ

ਅਜੀਤ ਡੈਸਕ 22-07-2025
ਅਟਾਰੀ, 21 ਜੁਲਾਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਕਿਸਾਨ ਜਥੇਬੰਦੀਆਂ ਅਤੇ 20 ਕਿਲੋਮੀਟਰ ਏਰੀਏ ਵਿਚ ਆਉਂਦੇ ਸਰਹੱਦੀ ਪਿੰਡਾਂ ਦੇ ਲੋਕਾਂ ਵਲੋਂ ਛਿੱਡਣ ਟੋਲ ਪਲਜਾ ਦੇ ਪ੍ਰਬੰਧਕਾਂ ਦੇ ਅੜੀਅਲ ਰਵੱਈਏ ਵਿਰੁੱਧ ਅੱਜ 8ਵੇਂ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ | ਅਟਾਰੀ ਸਰਹੱਦ 'ਤੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਜਾ ਰਹੇ ਸੈਲਾਨੀਆਂ ਅਤੇ ਰਾਹਗੀਰਾਂ ਨੂੰ ਟੋਲ ਟੈਕਸ ਦੇਣ ਤੋਂ ਰਾਹਤ ਮਿਲੀ, ਜਿਸ ਕਾਰਨ ਉਹ ਖੁਸ਼ ਦਿਖਾਈ ਦਿੱਤੇ | ਕਿਸਾਨ ਆਗੂ ਨਿਰਮਲ ਸਿੰਘ ਮੋਦੇ ਅਤੇ ਸਰਪੰਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਸਬਾ ਅਟਾਰੀ ਅਤੇ ਪਿੰਡ ਡੰਡੇ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ ਜਿਨ੍ਹਾਂ ਨੇ ਟੋਲ ਪਲਾਜਾ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਸਖ਼ਤ ਰਵੱਈਏ ਦੀ ਨਿਖੇਧੀ ਕੀਤੀ | ਰੋਜਾਨਾ ਅੰਮਿ੍ਤਸਰ ਜਾਣ-ਆਉਣ ਵਾਲੇ ਲੋਕ ਛਿੱਡਣ ਟੋਲ ਪਲਾਜ਼ਾ ਪ੍ਰਬੰਧਕਾਂ ਵਿਰੁੱਧ ਤਿੱਖੀ ਨਾਅਰੇਬਾਜੀ ਕਰਦੇ ਕਹਿ ਰਹੇ ਸਨ ਕਿ ਜਿੰਨੀ ਦੇਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨਾ ਜਾਰੀ ਰੱਖਣਗੇ | ਦੱਸਣਯੋਗ ਹੈ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਨੁਮਾਇੰਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ 20 ਕਿਲੋਮੀਟਰ ਏਰੀਏ ਅੰਦਰ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਟੋਲ ਤੋਂ ਮੁਕਤ ਕਰਾਉਣ ਲਈ ਧਰਨਾ ਲਗਾ ਰਹੇ ਹਨ | ਕਿਸਾਨ ਆਗੂ ਨਿਰਮਲ ਸਿੰਘ ਮੋਦੇ, ਮੁਖਤਾਰ ਸਿੰਘ ਮੁਹਾਵਾ, ਬਾਬਾ ਅਰਜੁਨ ਸਿੰਘ ਅਤੇ ਸਰਪੰਚ ਹਰਪ੍ਰੀਤ ਸਿੰਘ ਧਰਨੇ ਨੂੰ ਸੰਬੋਧਨ ਕਰਦੇ ਕਹਿ ਰਹੇ ਸਨ ਕਿ ਟੋਲ ਪਲਾਜ਼ਾ ਛਿੱਡਣ ਦੇ ਪ੍ਰਬੰਧਕਾਂ ਵਲੋਂ ਜਾਣ ਬੁੱਝ ਕੇ ਕਿਸਾਨਾਂ ਅਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਵੱਖ-ਵੱਖ ਬੁਲਾਰੇ ਕਹਿ ਰਹੇ ਸਨ ਕਿ ਸਾਲ 2020-21 ਸਮੇਂ ਜੋ ਟੋਲ ਪਲਾਜਾ ਦੇ ਪ੍ਰਬੰਧਕਾਂ ਵਲੋਂ ਬਾਰਡਰ ਏਰੀਆ ਦੇ ਲੋਕਾਂ ਨੂੰ ਟੋਲ ਫ੍ਰੀ ਦੀ ਸਹੂਲਤ ਦਿੱਤੀ ਜਾਂਦੀ ਸੀ ਉਹ ਹੀ ਲਾਗੂ ਕੀਤੀ ਜਾਵੇ ਪਰ ਨਵੇਂ ਪ੍ਰਬੰਧਕਾਂ ਵਲੋਂ ਆਨਾਕਾਨੀ ਕੀਤੀ ਜਾ ਰਹੀ ਹੈ | ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਮਾਹੌਲ ਨੂੰ ਠੀਕ ਕਰਨ ਲਈ ਬਾਰਡਰ ਦੇ ਕਿਸਾਨਾਂ ਨੂੰ ਇਹ ਸਹੂਲਤ ਦੇਣੀ ਅਤੀ ਜ਼ਰੂਰੀ ਹੈ | ਕਿਸਾਨ ਆਪਣੇ ਹੱਕ ਲੈ ਕੇ ਰਹਿਣਗੇ | ਧਰਨੇ ਵਿਚ ਸਰਹੱਦੀ ਪਿੰਡਾਂ ਦੇ ਸਾਬਕਾ ਅਤੇ ਮੌਜੂਦਾ ਸੁਰਪੰਚ ਵੀ ਸਾਥ ਦੇ ਰਹੇ ਹਨ | ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਵਲੋਂ ਵੀ ਟੋਲ ਪਲਾਜਾ ਪ੍ਰਬੰਧਕਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਬਾਰਡਰ ਏਰੀਆ ਦੇ ਲੋਕਾਂ ਨੂੰ ਟੋਲ ਪਲਾਜ਼ਾ ਛਿੱਡਣ ਤੋਂ ਰਾਹਤ ਦਿਵਾਉਣ ਲਈ ਦਿਨ-ਰਾਤ ਇਕ ਕਰ ਦਿੱਤੀ ਜਾਵੇਗੀ | ਮੇਰਾ ਪਿੰਡ ਮੇਰੀ ਸ਼ਾਨ ਅਟਾਰੀ ਦੇ ਨੁਮਾਇੰਦੇ ਕਹਿ ਰਹੇ ਸਨ ਕਿ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ |
ਪਿਛਲੀ ਖ਼ਬਰ ਸੰਤ ਬਾਬਾ ਗੁਰਬਖਸ਼ ਸਿੰਘ ਖਾਲਸਾ ਅਕੈਡਮੀ ਦੇ ਵਿਦਿਆਰਥੀ ਭਾਈ ਜਸ਼ਨਦੀਪ ਸਿੰਘ ਨੇ ਪੰਜਾਬ ਯੂਥ ਬਾਕਸਿੰਗ ਸਟੇਟ ਮੁਕਾਬਲੇ '... ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਵਜ਼ੀਰ ਭੁੱਲਰ 'ਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।