09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਾਮਜ਼ਦਗੀਆਂ ਰੱਦ ਕਰਨ ਦੇ ਵਿਰੋਧ 'ਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਸਬ ਤਹਿਸੀਲ ਨੂਰਪੁਰ ਬੇਦੀ ਦਫ਼ਤਰ ਮੂਹਰੇ ਲਗਾਇਆ ਧਰਨਾ <br/>

ਅਜੀਤ ਡੈਸਕ 07-12-2025
ਨੂਰਪੁਰ ਬੇਦੀ, 6 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਨੁਮਾਇੰਦਿਆਂ ਨੇ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਉਮੀਦਵਾਰਾਂ ਦੀਆਂ ਦਰਖ਼ਾਸਤਾਂ ਕੱਟਣ ਦੇ ਵਿਰੋਧ 'ਚ ਸਬ ਤਹਿਸੀਲ ਦਫ਼ਤਰ ਨੂਰਪੁਰ ਬੇਦੀ ਦਾ ਘਿਰਾਓ ਕੀਤਾ | ਇਸ ਦੌਰਾਨ ਉਨਾਂ ਦਫ਼ਤਰ ਦੇ ਗੇਟ ਅੱਗੇ ਤਿੰਨ ਘੰਟੇ ਦੇ ਕਰੀਬ ਮੁੱਖ ਮਾਰਗ 'ਤੇ ਬੈਠ ਕੇ ਸਰਕਾਰ ਅਤੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਕੁਲ 8 ਵਿਅਕਤੀਆਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਸਨ | ਇਸ ਨੂੰ ਲੈ ਕੇ ਅੱਜ ਮੁੜ ਦੁਪਹਿਰ ਸਮੇਂ ਉਕਤ ਤਿੰਨੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਵਰਕਰਾਂ ਨੇ ਉਕਤ ਚੋਣਾਂ ਨਾਲ ਸੰਬੰਧਿਤ ਸ਼ਿਕਾਇਤਾਂ ਲਈ ਨਿਯੁਕਤ ਕੀਤੇ ਨੋਡਲ ਅਫ਼ਸਰ ਦੇ ਸਬ ਤਹਿਸੀਲ ਦਫ਼ਤਰ ਨੂਰਪੁਰ ਬੇਦੀ ਦਾ ਘਿਰਾਓ ਕੀਤਾ | ਉਕਤ ਸਿਆਸੀ ਪਾਰਟੀਆਂ ਤੋਂ ਇਲਾਵਾ ਇਸ ਪ੍ਰਦਰਸ਼ਨ ਦੌਰਾਨ ਪੰਜਾਬ ਮੋਰਚਾ ਦੇ ਨੁਮਾਇੰਦਿਆਂ ਨੇ ਵੀ ਭਾਰੀ ਸ਼ਿਰਕਤ ਕੀਤੀ | ਇਸ ਦੌਰਾਨ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਉਮੀਦਵਾਰਾਂ ਦੀਆਂ ਦਰਖਾਸਤਾਂ ਕੱਟੀਆਂ ਜਾ ਰਹੀਆਂ ਹਨ ਜੋ ਕਿ ਸਿੱਧੇ ਤੌਰ 'ਤੇ ਲੋਕਤੰਤਰ ਦਾ ਕਤਲ ਹੈ | ਉਨ੍ਹਾਂ ਆਖਿਆ ਕਿ ਛੋਟੇ ਛੋਟੇ ਇਤਰਾਜ ਲਗਾ ਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਾਣਬੁੱਝ ਕੇ ਨਾਮਜ਼ਦਗੀਆਂ ਰੱਦ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਆਖਿਆ ਕਿ ਸੱਤਾ ਦਾ ਨਸ਼ਾ ਸਰਕਾਰ ਦੇ ਨੁਮਾਇੰਦਿਆਂ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਹੈ, ਜਿਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਉਤਾਰ ਕੇ ਹੀ ਸਾਹ ਲੈਣਗੇ | ਉਨ੍ਹਾਂ ਸਵਾਲ ਕੀਤਾ ਕਿ ਪੰਜਾਬ 'ਚ ਸਿਰਫ ਤੇ ਸਿਰਫ 'ਆਪ' ਪਾਰਟੀ ਦੇ ਉਮੀਦਵਾਰ ਹੀ ਪੜੇ੍ਹ ਲਿਖੇ ਤੇ ਸਮਝਦਾਰ ਹਨ ਜਿਨ੍ਹਾਂ ਦੀਆਂ ਦਰਖਾਸਤਾਂ ਕਿਧਰੇ ਵੀ ਰੱਦ ਨਹੀਂ ਹੋਈਆਂ | ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਜੇਕਰ ਉਕਤ ਉਮੀਦਵਾਰਾਂ ਦੀਆਂ ਦਰਖਾਸਤਾਂ ਨੂੰ ਮੁੜ ਨਾ ਵਿਚਾਰਿਆ ਗਿਆ ਤਾਂ ਇਸ ਪ੍ਰਦਰਸ਼ਨ ਨੂੰ ਵੱਡੇ ਅੰਦੋਲਨ 'ਚ ਤਬਦੀਲ ਕੀਤਾ ਜਾਵੇਗਾ | ਉਪਰੰਤ ਤਿੰਨੋਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਨੂਰਪੁਰ ਬੇਦੀ ਸ਼ਹਿਰ ਦੇ ਮੁੱਖ ਬਾਜ਼ਾਰ ਤੇ ਬੱਸ ਅੱਡੇ ਵਿਖੇ ਪੈਦਲ ਰੋਸ ਮਾਰਚ ਕੱਢਿਆ | ਪ੍ਰਦਰਸ਼ਨ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ, ਪੰਜਾਬ ਮੋਰਚਾ ਤੋਂ ਗੌਰਵ ਰਾਣਾ, ਬਲਾਕ ਕਾਂਗਰਸ ਪ੍ਰਧਾਨ ਅਵਤਾਰ ਚੌਧਰੀ, ਜਸਵੀਰ ਸਸਕੌਰ, ਵਿਜੇ ਪਿੰਕਾ, ਹਰਦਿਆਲ ਖੱਟੜਾ, ਡਾ. ਕਮਲਜੀਤ ਚਨੌਲੀ, ਸੁਖਦੇਵ ਰੋਪੜ, ਡਾ. ਹੇਮਰਾਜ ਟੱਪਰੀਆਂ, ਰਿਪਨਦੀਪ ਹੁਸੈਨ ਪੁਰ, ਸਰਪੰਚ ਵਿਸ਼ਾਲ ਥਾਨਾ, ਡਾ. ਸੁਨੀਲ ਕਰੂਰਾ, ਹਰਪ੍ਰੀਤ ਕਾਲਾ, ਪਵਨਜੀਤ ਟੱਪਰੀਆਂ, ਵਰਿਆਮ ਚੰਦ, ਸੰਦੀਪ ਪਾਠਕ, ਰਣਜੀਤ ਜੀਤੀ, ਪ੍ਰੀਤਮ ਮਵਾ, ਦੇਸਰਾਜ ਅਬਿਆਣਾ, ਅੱਛਰ ਸ਼ਰਮਾ, ਅਕਾਲੀ ਦਲ ਤੋਂ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ, ਸਤਨਾਮ ਝੱਜ, ਹੁਸਨ ਚੰਦ ਮਠਾਣ, ਕੁਲਵੀਰ ਅਸਮਾਨਪੁਰ, ਭਾਜਪਾ ਤੋਂ ਬਾਲ ਕਿਸ਼ਨ ਕੁੱਕੂ ਅਤੇ ਸਾ. ਵਿਧਾਇਕ ਅਮਰਜੀਤ ਸੰਦੋਆ ਦੀ ਤਰਫੋਂ ਸੋਹਣ ਲਾਲ ਚੇਚੀ ਸਮੇਤ ਤਿੰਨਾਂ ਪਾਰਟੀਆਂ ਦੇ ਸੈਂਕੜੇ ਵਰਕਰ ਸ਼ਾਮਿਲ ਹੋਏ |

ਪਿਛਲੀ ਖ਼ਬਰ ਸੇਵਾ ਮੁਕਤ ਪੰਚਾਇਤ ਅਫ਼ਸਰ ਅਮਰ ਸਿੰਘ ਸੈਣੀ ਨਹੀਂ ਰਹੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਕਲਮਾ ਜ਼ੋਨ ਤੋਂ ਲਾਲੀ ਤੇ ਪੰਚਾਇਤ ਸੰਮਤੀ ਝਾਂਗੜੀਆਂ ਜ਼ੋਨ ਤੋਂ ਅਮਰਜੀਤ ਸਿੰਘ ਵਲੋਂ ਚੋਣ ਸਰਗਰਮੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।