22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਰਾਜਸਥਾਨੀਆਂ ਦੀਆਂ ਝੁੱਗੀਆਂ ਨੂੰ ਹਟਾਉਣ ਦੀ ਮੁਹਿੰਮ ਹੋਈ ਤੇਜ਼

ਅਜੀਤ ਡੈਸਕ 19-11-2025
ਕੀਰਤਪੁਰ ਸਾਹਿਬ, 18 ਨਵੰਬਰ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਦੇ ਪੁਰਾਣੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਰਾਜਸਥਾਨੀਆਂ ਦੀਆਂ ਝੁੱਗੀਆਂ ਵਿਚ ਨਜਾਇਜ਼ ਤੌਰ ਤੇ ਵਿਕਦੀ ਸ਼ਰਾਬ ਅਤੇ ਗਾਂਜੇ ਤੋਂ ਦੁਖੀ ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕਾਂ ਵਲੋਂ ਇਹਨਾਂ ਝੁੱਗੀਆਂ ਨੂੰ ਹਟਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਜਿਸ ਤਹਿਤ ਸ਼ਹਿਰ ਦੇ ਵਸਨੀਕਾਂ ਵਲੋਂ ਥਾਣਾ ਕੀਰਤਪੁਰ ਸਾਹਿਬ ਦੇ ਐਸ.ਐਚ.ਓ. ਇੰਸਪੈਕਟਰ ਜਤਿਨ ਕਪੂਰ ਸਮੇਤ ਰਾਜਸਥਾਨੀਆਂ ਦੀਆਂ ਝੁੱਗੀਆਂ ਵਿਚ ਜਾ ਕੇ ਮੌਕਾ ਦੇਖਿਆ ਗਿਆ ਅਤੇ ਜਿਨ੍ਹਾਂ ਵਿਅਕਤੀਆਂ ਦੀ ਜ਼ਮੀਨ ਵਿਚ ਇਹ ਝੁੱਗੀਆਂ ਬਣੀਆਂ ਹੋਈਆਂ ਹਨ, ਉਹਨਾਂ ਨੂੰ ਇਹ ਝੁੱਗੀਆਂ ਹਟਾਉਣ ਦੀ ਬੇਨਤੀ ਕੀਤੀ ਗਈ | ਜਿਸ 'ਤੇ ਕਾਰਵਾਈ ਕਰਦੇ ਹੋਏ ਜਮੀਨ ਮਾਲਕਾਂ ਵਲੋਂ ਇਹਨਾਂ ਝੁੱਗੀਆਂ ਨੂੰ ਤਾਲੇ ਲਗਾ ਦਿੱਤੇ ਗਏ ਹਨ ਤੇ ਉਹਨਾਂ ਵਲੋਂ ਸ਼ਹਿਰ ਦੇ ਵਸਨੀਕਾਂ ਅਤੇ ਪੁਲਿਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਆਪਣੀ ਜ਼ਮੀਨ ਵਿਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਨਹੀਂ ਹੋਣ ਦੇਣਗੇ | ਜਿਹੜਾ ਵੀ ਵਿਅਕਤੀ ਨਜਾਇਜ਼ ਸ਼ਰਾਬ ਵੇਚੇਗਾ, ਉਹ ਉਸ ਨੂੰ ਆਪਣੀ ਜ਼ਮੀਨ ਵਿਚ ਬੈਠਣ ਦੀ ਪ੍ਰਵਾਨਗੀ ਬਿਲਕੁਲ ਨਹੀਂ ਦੇਣਗੇ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਕੀਰਤਪੁਰ ਸਾਹਿਬ ਦੇ ਪੁਰਾਣੇ ਬਸ ਅੱਡੇ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਰਾਜਸਥਾਨੀਆਂ ਦੀਆਂ ਝੁੱਗੀਆਂ ਵਿਚ ਨਜਾਇਜ਼ ਸ਼ਰਾਬ ਅਤੇ ਗਾਂਜਾ ਵੇਚਿਆ ਜਾ ਰਿਹਾ ਹੈ | ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵਲੋਂ ਹੁਣ ਤੱਕ ਅਣਗਿਣਤ ਰਾਜਸਥਾਨੀ ਵਿਅਕਤੀਆਂ ਅਤੇ ਔਰਤਾਂ ਦੇ ਖਿਲਾਫ ਐਕਸਾਈਜ਼ ਐਕਟ ਅਤੇ ਐਨ.ਡੀ.ਪੀ.ਐਸ. ਦੇ ਤਹਿਤ ਅਣਗਿਣਤ ਪਰਚੇ ਕੀਤੇ ਜਾ ਚੁੱਕੇ ਹਨ ਅਤੇ ਕੁੱਝ ਨਜਾਇਜ਼ ਸ਼ਰਾਬ ਵੇਚਣ ਵਾਲੇ ਲੋਕ ਜੇਲ੍ਹ ਦੀ ਹਵਾ ਵੀ ਖਾ ਚੁੱਕੇ ਹਨ, ਪਰ ਫਿਰ ਵੀ ਇਹਨਾਂ ਵਲੋਂ ਧੜੱਲੇ ਨਾਲ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਈ ਵਿਅਕਤੀ ਜਹਰੀਲੀ ਸ਼ਰਾਬ ਪੀਣ ਨਾਲ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਅਤੇ ਕਈ ਵਿਅਕਤੀ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ | ਪਰ ਫਿਰ ਵੀ ਪ੍ਰਸ਼ਾਸਨ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕ ਨਹੀਂ ਸਕਿਆ | ਪਿਛਲੇ ਦਿਨੀ ਸ਼ਹਿਰ ਦੇ ਨੌਜਵਾਨ ਸਮਾਜ ਸੇਵੀ ਜੁਗਰਾਜ ਸਿੰਘ ਬਿੱਲੂ, ਮਨਜੀਤ ਸਿੰਘ ਨੀਟੂ, ਠੇਕੇਦਾਰ ਗੁਰਵਿੰਦਰ ਸਿੰਘ ਅਤੇ ਬਲਵੀਰ ਸਿੰਘ ਸੰਮੀ ਵਲੋਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਉਨਾਂ ਨੇ ਪੁਰਾਣੇ ਬਸ ਅੱਡੇ ਅਤੇ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਰਾਜਸਥਾਨੀਆਂ ਦੀਆਂ ਝੁੱਗੀਆਂ ਵਿਚ ਨਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀਆਂ ਨੂੰ ਇਥੋਂ ਭਜਾਇਆ ਨਹੀਂ ਜਾਂਦਾ ਅਤੇ ਉਹਨਾਂ ਦੀਆਂ ਝੁਗੀਆਂ ਹਟਾਈਆਂ ਨਹੀਂ ਜਾਂਦੀਆਂ ਤਾਂ ਉਹ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਧਰਨਾ ਦੇਣ ਲਈ ਮਜਬੂਰ ਹੋਣਗੇ | ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਡਾਕਟਰ ਗੁਲਨੀਤ ਸਿੰਘ ਖੁਰਾਣਾ ਵਲੋਂ ਜੁਗਰਾਜ ਸਿੰਘ ਬਿੱਲੂ ਅਤੇ ਉਸ ਦੇ ਸਾਥੀਆਂ ਨੂੰ ਮਿਲਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਗਿਆ ਸੀ | ਇਸ ਮੌਕੇ ਥਾਣਾ ਕੀਰਤਪੁਰ ਸਾਹਿਬ ਦੇ ਐਸ.ਐਚ.ਓ. ਇੰਸਪੈਕਟਰ ਜਤਿਨ ਕਪੂਰ ਨੇ ਕਿਹਾ ਕਿ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ ਉਨਾਂ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਸੀ ਕਿ ਰਾਜਸਥਾਨੀ ਦੀਆਂ ਝੁੱਗੀਆਂ ਵਿਚ ਨਜਾਇਜ਼ ਤੌਰ 'ਤੇ ਸ਼ਰਾਬ ਵਿਕਦੀ ਹੈ | ਜਿਸ ਤੋਂ ਬਾਅਦ ਪੁਲਿਸ ਵਲੋਂ ਇਨਾਂ ਮੋਹਤਬਰ ਵਿਅਕਤੀਆਂ ਸਮੇਤ ਰਾਜਸਥਾਨੀ ਵਿਅਕਤੀਆਂ ਦੀਆਂ ਝੁੱਗੀਆਂ ਦਾ ਦੌਰਾ ਕੀਤਾ ਗਿਆ ਅਤੇ ਜਿਨਾਂ ਵਿਅਕਤੀਆਂ ਦੀ ਜਮੀਨ ਵਿਚ ਇਹ ਝੁਗੀਆਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਇਹਨਾਂ ਵਿਅਕਤੀਆਂ ਨੂੰ ਇੱਥੋਂ ਭਜਾ ਦਿੱਤਾ ਜਾਵੇ | ਉਹਨਾਂ ਦੱਸਿਆ ਕਿ ਜਮੀਨ ਮਾਲਕਾਂ ਵਲੋਂ ਵੀ ਕਈ ਝੁੱਗੀਆਂ ਨੂੰ ਤਾਲੇ ਲਗਾ ਦਿੱਤੇ ਗਏ ਹਨ ਅਤੇ ਪੁਲਿਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਆਪਣੀ ਜ਼ਮੀਨ ਵਿਚ ਨਜਾਇਜ਼ ਸ਼ਰਾਬ ਵਿਕਣ ਨਹੀਂ ਦੇਣਗੇ |
ਪਿਛਲੀ ਖ਼ਬਰ ਵਿਧਾਇਕ ਜਸਵੀਰ ਰਾਜਾ ਵਲੋਂ ਬੇਟ ਖੇਤਰ ਦੇ ਪਿੰਡਾਂ ਲਈ 88 ਲੱਖ ਰੁਪਏ ਦੇ ਚੈੱਕ ਭੇਟ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜਾ ਐਲਾਨਿਆ ਜਾਵੇ-ਜਸਟਿਸ ਅਕਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।