ਰੂਪਨਗਰ, 7 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਕਾਸ ਪੰਜਾਬ ਵਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਲਈ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲ ਸੰਸਥਾਵਾਂ ਪਲੇਅ-ਵੇ ਸਕੂਲ ਜੋ ਕਿ ਅਰਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ ਦੇ ਖੇਤਰ 'ਚ ਕੰਮ ਕਰ ਰਹੀਆਂ ਹਨ, ਨੂੰ ਰਜਿਸਟਰ ਕਰਨ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ | ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸ਼ਰੂਤੀ ਸ਼ਰਮਾ ਵਲੋਂ ਦਿੱਤੀ ਗਈ | ਇਸ ਸੰਬੰਧੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਰਾਜ ਵਿਚ 3-6 ਸਾਲ ਦੇ ਬੱਚਿਆਂ ਲਈ ਈ. ਸੀ. ਸੀ. ਈ. (ਅਰਲੀ ਚਾਇਲਡਹੂਡ ਕੇਅਰ ਐਂਡ ਐਜੂਕੇਸ਼ਨ) ਖੇਤਰ 'ਚ ਕੰਮ ਕਰ ਰਹੀਆਂ ਸੰਸਥਾਵਾਂ ਦੀ ਵਿਭਾਗ ਵਲੋਂ ਰਜਿਸਟਰੇਸ਼ਨਾਂ ਸ਼ੁਰੂ ਕੀਤੀਆਂ ਗਈਆ ਹਨ | ਇਹ ਰਜਿਸਟ੍ਰੇਸ਼ਨ ਲਾਜ਼ਮੀ ਬਣਾਉਣ ਲਈ ਤੁਰੰਤ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਰੂਪਨਗਰ ਨਾਲ ਤਾਲਮੇਲ ਕਰਕੇ ਐਪਲੀਕੇਸ਼ਨ ਫ਼ਾਰਮ ਨੰਬਰ-1 ਪ੍ਰਾਪਤ ਕੀਤਾ ਜਾ ਸਕਦਾ ਹੈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਭਰਕੇ ਫਾਇਲ ਦੋ ਪਰਤਾਂ ਸਮੇਤ ਰੰਗਦਾਰ ਫੋਟੋਆਂ 'ਚ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਿਖੇ ਜਮ੍ਹਾਂ ਕਰਵਾਉਣੀ ਹੋਵੇਗੀ, ਜਿਸ ਦੀ ਬਾਅਦ ਵਿਚ ਵੈਰੀਫਿਕੇਸ਼ਨ ਕਾਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਹਰੇਕ ਪਲੇਅ-ਵੇਅ ਸਕੂਲ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਧੀਨ ਸਾਰੇ ਪ੍ਰਾਈਵੇਟ ਸਕੂਲ ਸੰਸਥਾਵਾਂ ਪਲੇਅ-ਵੇ ਸਕੂਲਾਂ ਦੀ ਚੈਕਿੰਗ ਕੀਤੀ ਜਾਵੇਗੀ | ਜੇਕਰ ਕੋਈ ਪ੍ਰਾਈਵੇਟ ਸਕੂਲ ਸੰਸਥਾਵਾਂ ਪਲੇਅ-ਵੇ ਸਕੂਲ ਪਾਲਿਸੀ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਉਨ੍ਹਾਂ 'ਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |