ਰੂਪਨਗਰ, 16 ਜੁਲਾਈ (ਯਸ਼ਵੰਤ ਬੱਸੀ)-ਡੈਮੋਕ੍ਰੈਟਿਕ ਟੀਚਰਜ਼ ਫਰੰਟ ਰੂਪਨਗਰ ਵਲੋਂ 5178 ਭਰਤੀ ਅਧੀਨ ਅਧਿਆਪਕਾਂ (ਨਾਨ-ਪਟੀਸ਼ਨਰਜ਼) ਨੂੰ ਪਰਖ ਸਮੇਂ ਦੌਰਾਨ ਪੂਰੀ ਤਨਖ਼ਾਹ ਸਕੇਲ ਅਨੁਸਾਰ ਬਕਾਏ ਜਾਰੀ ਕਰਨ 'ਚ ਹੋ ਰਹੀ ਬੇਲੋੜੀ ਦੇਰੀ ਖ਼ਿਲਾਫ਼ ਰੋਸ ਵਜੋਂ ਅਰਵਿੰਦਰਪਾਲ ਸਿੰਘ ਸੋਮਲ ਸਹਾਇਕ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਰੋਸ ਪੱਤਰ ਦਿੱਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਵਿਨੋਦ ਚੰਦਨ, ਦੀਪਕ ਰਾਣਾ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵਲੋਂ ਮਿਤੀ 26-02-2025 ਨੂੰ ਸਪੀਕਿੰਗ ਆਰਡਰ ਜਾਰੀ ਕਰਦੇ ਹੋਏ ਸਮੂਹ 5178 ਅਧਿਆਪਕਾਂ ਨੂੰ ਪਰਖ ਕਾਲ ਦੌਰਾਨ ਪੂਰੀ ਤਨਖਾਹ ਸਕੇਲ ਅਨੁਸਾਰ ਬਣਦੇ ਬਕਾਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਅਜੇ ਤੱਕ ਬਕਾਏ ਜਾਰੀ ਨਹੀਂ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਬਲਜੀਤ ਸਿੰਘ,ਜਸਵੀਰ ਰਾਣਾ,ਅਮਰਦੀਪ ਸਿੰਘ,ਰਮੇਸ਼ ਲਾਲ,ਬਲਵਿੰਦਰ ਸਿੰਘ, ਬਿਪਨ ਕੁਮਾਰ ਅਤੇ ਦੀਪਕ ਵਰਮਾ, ਪਵਿੱਤਰ ਸਿੰਘ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ ਨੂੰ ਪਰਖ ਕਾਲ ਦੌਰਾਨ ਬਣਦੇ ਪੂਰੇ ਤਨਖਾਹ ਸਕੇਲ ਅਨੁਸਾਰ ਬਣਦੇ ਬਕਾਏ ਬਿਨਾ ਕਿਸੇ ਪਟੀਸ਼ਨ ਜਾਂ ਨਾਨ-ਪਟੀਸ਼ਨਰ ਦਾ ਵਖਰੇਵਾਂ ਕੀਤਿਆਂ ਤੁਰੰਤ ਜਾਰੀ ਕਰਨ ਲਈ ਜਲਦ ਲੋੜੀਂਦਾ ਸਪੱਸ਼ਟੀਕਰਨ ਪੱਤਰ ਜਾਰੀ ਕੀਤਾ ਜਾਵੇ ਅਤੇ 5178 ਭਰਤੀ ਤਹਿਤ ਹੀ ਨਿਯੁਕਤ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀ ਪਰਖ ਕਾਲ ਦੌਰਾਨ ਤਨਖ਼ਾਹ ਫਿਕਸ਼ੇਸ਼ਨ ਨੂੰ ਭਰਤੀ ਦੇ ਨਿਯਮਾਂ ਅਨੁਸਾਰ 4400 ਤਨਖ਼ਾਹ ਗ੍ਰੇਡ ਅਨੁਸਾਰ ਹੀ ਫਿਕਸ ਕਰਨ ਦੇ ਨਿਰਦੇਸ਼ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਜਾਣ | ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਮੰਗਾਂ ਦਾ ਤੁਰੰਤ ਹੱਲ ਨਾ ਹੋਇਆ ਤਾਂ 5 ਅਗਸਤ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੇ ਦਫ਼ਤਰ 'ਮਾਸ ਡੈਪੂਟੇਸ਼ਨ' ਦੇ ਰੂਪ ਵਿਚ ਪਹੁੰਚਣ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਂਤਰ ਸੂਬਾਈ ਐਕਸ਼ਨ ਵੀ ਕੀਤਾ ਜਾਵੇਗਾ |