ਪੰਚਕੂਲਾ, 9 ਦਸੰਬਰ (ਕਪਿਲ)-ਜ਼ਿਲ੍ਹਾ ਰੋਹਤਕ ਦੇ ਪਿੰਡ ਹਮਾਂਯੂਪੁਰ ਦੇ ਬਾਡੀ ਬਿਲਡਰ ਰੋਹਿਤ ਧਨਖੜ ਦੇ ਭਿਵਾਨੀ ਵਿਖੇ ਹੋਏ ਕਤਲ ਮਾਮਲੇ 'ਚ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰ ਅਤੇ ਖਾਪ ਪੰਚਾਇਤ ਵਲੋਂ ਹਰਿਆਣਾ ਦੇ ਡੀ. ਜੀ. ਪੀ. ਓ. ਪੀ. ਸਿੰਘ ਨਾਲ ਪੰਚਕੂਲਾ ਵਿਖੇ ਮੁਲਾਕਾਤ ਕੀਤੀ ਗਈ | ਉਨ੍ਹਾਂ ਰਾਸ਼ਟਰੀ ਪੱਧਰ ਦੇ ਬਾਡੀ ਬਿਲਡਰ ਰੋਹਿਤ ਧਨਖੜ ਨੂੰ ਕਤਲ ਕਰਨ ਵਾਲੇ ਸਾਰੇ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਪੁਲਿਸ ਦੀ ਕਾਰਜ-ਪ੍ਰਣਾਲੀ 'ਤੇ ਵੀ ਸਵਾਲ ਚਿੰਨ੍ਹ ਲਗਾਏ | ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ 26 ਸਾਲਾ ਬਾਡੀ ਬਿਲਡਰ ਰੋਹਿਤ ਧਨਖੜ ਦੇ ਕਤਲ ਮਾਮਲੇ 'ਚ ਪੁਲਿਸ ਹੁਣ ਤੱਕ ਇਕ ਵੀ ਮੁਲਜ਼ਮ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ | ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਵਲੋਂ ਪਰਿਵਾਰ ਦੀ ਸੁਰੱਖਿਆ ਸੰਬੰਧੀ ਐਸ. ਪੀ. ਨੂੰ ਆਦੇਸ਼ ਦੇ ਕੇ ਪੁਲਿਸ ਜਵਾਨ ਤਾਇਨਾਤ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਨੇ ਆਈ. ਜੀ. ਰੋਹਤਕ ਤੇ ਐਸ. ਪੀ. ਭਿਵਾਨੀ ਨੂੰ ਫ਼ੋਨ 'ਤੇ ਫਟਕਾਰ ਲਗਾਉਂਦਿਆਂ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਲਈ ਕਿਹਾ | ਇਸ ਦੇ ਨਾਲ ਹੀ ਡੀ. ਜੀ. ਪੀ. ਨੇ ਪੁਲਿਸ ਅਧਿਕਾਰੀਆਂ ਨੂੰ ਇਹ ਹੁਕਮ ਵੀ ਦਿੱਤੇ ਕਿ ਜੇਕਰ ਮੁਲਜ਼ਮ ਨਹੀਂ ਮਿਲਦੇ ਤਾਂ ਉਨ੍ਹਾਂ ਦੀ ਸੰਪਤੀ ਨੂੰ ਕੁਰਕ ਕਰਨ ਦੀ ਕਾਰਵਾਈ ਕੀਤੀ ਜਾਵੇ | ਪੀੜਤ ਪਰਿਵਾਰ ਅਨੁਸਾਰ ਹੁਣ ਭਵਿੱਖ ਦੀ ਰਣਨੀਤੀ ਲਈ ਪਿੰਡ 'ਚ ਪੰਚਾਇਤ ਨਾਲ ਮੀਟਿੰਗ ਕੀਤੀ ਜਾਵੇਗੀ |