ਐੱਸ. ਏ. ਐੱਸ. ਨਗਰ, 8 ਦਸੰਬਰ (ਕਪਿਲ ਵਧਵਾ)-ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ 4 ਨੌਜਵਾਨਾਂ ਨਾਲ 6 ਲੱਖ ਰੁ. ਦੀ ਠੱਗੀ ਮਾਰਨ ਦੇ ਮਾਮਲੇ 'ਚ ਐਨ. ਆਰ. ਆਈ. ਥਾਣਾ ਪੁਲਿਸ ਨੇ ਸਥਾਨਕ ਸੈਕਟਰ-59 ਸਥਿਤ ਟਰੈਵਲ ਏਜੰਸੀ 'ਸਫਾਇਰ ਗਰੁੱਪ' ਦੇ ਮਾਲਕ ਵਿਰੁੱਧ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅੰਬਾਲਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਿੰਨ ਸਾਥੀਆਂ ਸਮੇਤ ਸੈਕਟਰ-59 ਸਥਿਤ ਟਰੈਵਲ ਏਜੰਸੀ ਦੇ ਦਫ਼ਤਰ ਵਿਖੇ ਗਿਆ ਸੀ, ਜਿਥੇ ਕਿ ਦਫ਼ਤਰ 'ਚ ਮੌਜੂਦ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਰੇਕ ਵਿਅਕਤੀ ਨੂੰ ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦਾ ਭਰੋਸਾ ਦਿਵਾਇਆ | ਇਸ ਬਦਲੇ ਹਰੇਕ ਤੋਂ 10 ਲੱਖ ਰੁ. ਦੀ ਮੰਗ ਕੀਤੀ ਗਈ | ਸ਼ਿਕਾਇਤ ਮੁਤਾਬਿਕ ਉਨ੍ਹਾਂ ਕੋਲੋਂ ਪਹਿਲੇ ਪੜਾਅ 'ਚ ਹਰੇਕ ਵਿਅਕਤੀ ਤੋਂ ਡੇਢ ਲੱਖ ਰੁ. ਨਕਦ ਲਏ ਗਏ, ਜਦ ਕਿ ਬਾਕੀ ਦੇ 8.50 ਲੱਖ ਰੁ. ਕੈਨੇਡਾ ਪਹੁੰਚਣ ਤੋਂ ਬਾਅਦ ਲੈਣ ਦੀ ਗੱਲ ਕੀਤੀ ਗਈ | ਇਸ ਤਰ੍ਹਾਂ ਚਾਰਾਂ ਤੋਂ ਕੁੱਲ 6 ਲੱਖ ਰੁ. ਕੰਪਨੀ ਦੇ ਨੁਮਾਇੰਦਿਆਂ ਨੇ ਲੈ ਲਏ | ਪੈਸੇ ਲੈਣ ਤੋਂ ਬਾਅਦ ਵੀ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਵਾਜ਼ਬ ਜਵਾਬ ਦਿੱਤਾ ਗਿਆ | ਜਦੋਂ ਉਨ੍ਹਾਂ ਮੁੜ ਟਰੈਵਲ ਏਜੰਸੀ ਵਿਖੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਏਜੰਸੀ ਦੇ ਕਰਮਚਾਰੀਆਂ ਵਲੋਂ ਟਾਲ-ਮਟੋਲ ਕੀਤੀ ਗਈ ਤੇ ਆਿਖ਼ਰ ਪ੍ਰੇਸ਼ਾਨ ਹੋ ਕੇ ਪੀੜਤਾਂ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ | ਪੁਲਿਸ ਨੇ ਮਾਮਲੇ ਦੀ ਜਾਂਚ ਉਪਰੰਤ ਟਰੈਵਲ ਏਜੰਸੀ ਦੇ ਮਾਲਕ ਵਿਰੁੱਧ ਆਈ. ਪੀ. ਸੀ. ਦੀ ਧਾਰਾ 406 ਅਤੇ 420 ਸਮੇਤ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |