11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਅਮਨ ਅਰੋੜਾ ਵਲੋਂ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਐਨ.ਡੀ.ਏ. ਕੈਡਿਟਾਂ ਲਈ ਅਤਿ-ਆਧੁਨਿਕ ਹੋਸਟਲ ਦਾ ਉਦਘਾਟਨ

ਅਜੀਤ ਡੈਸਕ 22-11-2025
ਐੱਸ. ਏ. ਐੱਸ. ਨਗਰ, 21 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਮੁਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਵਿਖੇ ਐਨ. ਡੀ. ਏ. ਪ੍ਰੈਪਰੇਟਰੀ ਵਿੰਗ ਲਈ ਇਕ ਸਮਰਪਿਤ ਰਿਹਾਇਸ਼ੀ ਬਲਾਕ ਦਾ ਉਦਘਾਟਨ ਕੀਤਾ | ਇਸ ਸਹੂਲਤ ਦਾ ਨਾਂਅ ਭਾਰਤੀ ਫ਼ੌਜ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨਕਸ਼ਾਹ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਜਨਮ ਅੰਮਿ੍ਤਸਰ ਵਿਚ ਹੋਇਆ ਸੀ | ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਇਹ 2.46 ਕਰੋੜ ਰੁਪਏ ਨਾਲ ਤਿਆਰ ਕੀਤਾ ਅਤਿ-ਆਧੁਨਿਕ ਹੋਸਟਲ ਇਕ ਵਿਆਪਕ ਰਿਹਾਇਸ਼ੀ ਤੇ ਸਿਖਲਾਈ ਸਹੂਲਤਾਂ ਨਾਲ ਲੈਸ ਹੈ, ਜਿਸ 'ਚ ਸਾਈਬਰ ਲੈਬ, ਇਨਡੋਰ ਸ਼ੂਟਿੰਗ ਰੇਂਜ ਤੇ ਉੱਚ ਪੱਧਰੀ ਫਿਟਨੈਸ ਸਹੂਲਤਾਂ ਸ਼ਾਮਿਲ ਹਨ ਜੋ ਐਨ. ਡੀ. ਏ. ਲਈ ਤਿਆਰੀ ਕਰ ਰਹੀਆਂ ਤਕਰੀਬਨ 40 ਮਹਿਲਾ ਕੈਡਿਟਾਂ ਲਈ ਇਕ ਢੁਕਵਾਂ ਮਾਹੌਲ ਪ੍ਰਦਾਨ ਕਰੇਗਾ | ਸੂਬਾ ਸਰਕਾਰ ਵਲੋਂ ਇਸ ਸੰਸਥਾ ਦੀ ਐਡਮਿਨਿਸਟ੍ਰੇਸ਼ਨ ਨੂੰ ਪੂਰੇ ਸਮਰਥਨ ਦਾ ਭਰੋਸਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜੁਲਾਈ 2023 'ਚ ਇਸ ਸੰਸਥਾ ਅੰਦਰ ਐਨ. ਡੀ. ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕੀਤਾ ਸੀ, ਜਿਸ ਨੂੰ ਰੱਖਿਆ ਸੇਵਾਵਾਂ ਵਿਚ ਕਮਿਸ਼ਨਡ ਅਫ਼ਸਰ ਬਣਨ ਦੀਆਂ ਚਾਹਵਾਨ ਲੜਕੀਆਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ | ਇਸ ਦੌਰਾਨ ਰੋਜ਼ਗਾਰ ਉਤਪਤੀ ਮੰਤਰੀ ਨੇ ਐਨ. ਡੀ. ਏ. ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਉਨ੍ਹਾਂ ਮਹਿਲਾ ਕੈਡਿਟਾਂ ਦਾ ਸਨਮਾਨ ਕੀਤਾ, ਜਿਨ੍ਹਾਂ ਦੇ ਨਾਮ ਕਮਿਸ਼ਨ ਵਾਸਤੇ ਸਿਫ਼ਾਰਸ਼ ਕੀਤੇ ਗਏ ਹਨ | ਇਨ੍ਹਾਂ ਲੜਕੀਆਂ 'ਚ ਲੇਡੀ ਕੈਡੇਟ ਸਹਿਜਲਦੀਪ ਕੌਰ ਨੇ ਐਸ. ਐਸ. ਬੀ. ਇੰਟਰਵਿਊ 'ਚ ਪੂਰੇ ਭਾਰਤ 'ਚੋਂ ਮੁੰਡਿਆਂ ਅਤੇ ਕੁੜੀਆਂ ਵਿਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ ਅਤੇ ਅਜਿਹਾ ਕਰ ਕੇ ਦਿਖਾਉਣ ਵਾਲੀ ਉਹ ਪਹਿਲੀ ਲੜਕੀ ਹੈ | ਉਨ੍ਹਾਂ ਕਿਹਾ ਕਿ ਉਹ ਧੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੂੰ ਹਰ ਪੱਖੋਂ ਢੁਕਵਾਂ ਮਾਹੌਲ ਪ੍ਰਦਾਨ ਕਰ ਰਹੇ ਹਨ | ਇਸ ਉਦੇਸ਼ ਲਈ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੀ ਪੂਰੀ ਵਾਹ ਲਾਉਣ ਲਈ ਵਚਨਬੱਧ ਹੈ | ਇਸ ਮੌਕੇ ਰੋਜ਼ਗਾਰ ਉਤਪਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ, ਡਾਇਰੈਕਟਰ ਅੰਮਿ੍ਤ ਸਿੰਘ, ਡਾਇਰੈਕਟਰ ਮਾਈ ਭਾਗੋ ਏ. ਐਫ. ਪੀ. ਆਈ. ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ. ਵੀ. ਐਸ. ਐਮ. (ਸੇਵਾਮੁਕਤ) ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡਾ ਫੇਰਬਦਲ ਅਗਲੀ ਖ਼ਬਰ ਸ਼ਹੀਦੀ ਦਿਹਾੜੇ 'ਤੇ 25 ਨੂੰ ਚੰਡੀਗੜ੍ਹ 'ਚ ਰਹੇਗੀ ਜਨਤਕ ਛੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।