ਐੱਸ. ਏ. ਐੱਸ. ਨਗਰ, 6 ਨਵੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਸਾਲ 2021 ਵਿਚ ਪਿੰਡ ਮੁੱਲਾਂਪੁਰ ਗਰੀਬਦਾਸ ਨੇੜਲੇ ਇਕ ਪਿੰਡ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ 'ਚ 10 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਵਿਚ ਸ਼ਿਕਾਇਕਰਤਾ ਜਗਜੀਤ ਸਿੰਘ ਉਰਫ਼ ਜੱਗੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਪਣੇ ਰਿਸ਼ਤੇਦਾਰ ਸਤਨਾਮ ਸਿੰਘ ਉਰਫ਼ ਸੱਤਾ ਤੇ ਸੁਖਚੈਨ ਸਿੰਘ ਸੱਤੀ ਨਾਲ 29 ਮਾਰਚ ਨੂੰ ਪਿੰਡ ਮਾਜਰੇ ਵਿਖੇ ਹੋਲੀ ਦਾ ਜਸ਼ਨ ਮਨਾਉਣ ਲਈ ਗਿਆ ਸੀ, ਜਿਥੇ ਕਿ ਗੁਰਵਿੰਦਰ ਸਿੰਘ, ਲਵਲੀ, ਬਿੰਦਾ ਤੇ ਇੰਦਰਜੀਤ ਸਿੰਘ ਉਰਫ਼ ਇੰਦਰ ਸਮੇਤ ਕਈ ਹੋਰ ਵਿਅਕਤੀ ਵੀ ਮੌਜੂਦ ਸਨ | ਇਸ ਦੌਰਾਨ ਸੁਖਚੈਨ ਸਿੰਘ ਤੇ ਇੰਦਰਜੀਤ ਸਿੰਘ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਸਵਾਂ ਟੀ-ਪੁਆਇੰਟ ਨੇੜੇ ਸਮਝੌਤੇ ਲਈ ਬੁਲਾਇਆ ਗਿਆ | ਸਮਝੌਤੇ ਮੌਕੇ ਦੋਨਾਂ ਧਿਰਾਂ ਵਿਚਕਾਰ ਮੁੜ ਬਹਿਸ ਹੋ ਗਈ, ਜਿਸ ਦੇ ਚਲਦਿਆਂ ਸਤਨਾਮ ਸਿੰਘ ਦੀ ਛਾਤੀ 'ਚ ਗੋਲੀ ਲੱਗੀ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ | ਦੂਜੀ ਧਿਰ ਵਾਲੇ ਪਾਸੇ ਸਤਨਾਮ ਸਿੰਘ ਉਰਫ਼ ਬਿੱਲਾ ਦੇ ਕੰਨ ਨੂੰ ਛੂਹ ਕੇ ਗੋਲੀ ਨਿਕਲ ਗਈ | ਇਸ ਸੰਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਸੁਖਬੀਰ ਸਿੰਘ ਬਿੱਲਾ, ਇੰਦਰਜੀਤ ਸਿੰਘ, ਪਿੰ੍ਰਸ, ਵਿਕਰਮਜੀਤ ਸਿੰਘ ਉਰਫ਼ ਗਗਨੀ ਤੇ ਜਗਵਿੰਦਰ ਸਿੰਘ ਨੂੰ ਸਤਨਾਮ ਸਿੰਘ ਦੇ ਕਤਲ ਦੇ ਦੋਸ਼ ਹੇਠ ਗਿ੍ਫ਼ਤਾਰ ਕਰ ਲਿਆ ਸੀ, ਜਦ ਕਿ ਕਰਾਸ ਮਾਮਲੇ 'ਚ ਸੁਖਬੀਰ ਸਿੰਘ ਬਿੱਲਾ ਤੇ ਉਸ ਦੇ ਸਾਥੀਆਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਗੁਰਵਿੰਦਰ ਸਿੰਘ ਉਰਫ਼ ਬਿੰਦੀ, ਸ਼ੀਲਾ ਉਰਫ਼ ਸੁਨੀਲ ਕੁਮਾਰ, ਜਗਰੂਪ ਸਿੰਘ, ਸੁਖਚੈਨ ਸਿੰਘ ਤੇ ਲਵਪ੍ਰੀਤ ਸਿੰਘ ਉਰਫ਼ ਲਵਲੀ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਸੀ | ਅਦਾਲਤ ਵਿਖੇ ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਕਿ ਫਾਰਮ ਹਾਊਸ ਵਿਖੇ ਹੋਏ ਝਗੜੇ ਉਪਰੰਤ ਦੋਨੋਂ ਧਿਰਾਂ ਨੇ ਹਥਿਆਰਾਂ ਸਮੇਤ ਗ਼ੈਰ-ਕਾਨੂੰਨੀ ਇਕੱਠ ਕੀਤਾ ਸੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਬਾਕੀ ਮਰਨੋਂ ਬਚ ਗਏ | ਇਸ ਮਾਮਲੇ 'ਚ ਨਾਮਜ਼ਦ ਪਿ੍ੰਸ, ਵਿਕਰਮਜੀਤ ਸਿੰਘ ਅਤੇ ਜਗਵਿੰਦਰ ਸਿੰਘ ਦੀ ਤਰਫੋਂ ਕੇਸ ਦੀ ਅਗਵਾਈ ਕਰਨ ਵਾਲੇ ਵਕੀਲ ਜਸ਼ਨਪ੍ਰੀਤ ਸਿੰਘ ਸੰਧੂ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਆਪਣੀ ਜਾਂਚ 'ਚ ਬਹੁਤ ਢਿੱਲ ਵਰਤੀ ਹੈ, ਜਿਸ ਨਾਲ ਅਹਿਮ ਸਬੂਤ ਇਕੱਤਰ ਨਹੀਂ ਕੀਤੇ ਜਾ ਸਕੇ | ਅਦਾਲਤ ਵਿਖੇ ਮਾਮਲੇ ਸੁਣਵਾਈ ਦੌਰਾਨ ਕੁਝ ਗਵਾਹਾਂ ਦੀ ਗਵਾਹੀ ਭਰੋਸੇਯੋਗ ਨਾ ਹੋਣ ਕਾਰਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਮਾਮਲੇ 'ਚ ਨਾਮਜ਼ਦ 10 ਵਿਅਕਤੀਆਂ ਨੂੰ ਉਨ੍ਹਾਂ ਦੇ ਲੱਗੇ ਤਮਾਮ ਦੋਸ਼ਾਂ ਤੋਂ ਬਰੀ ਕਰ ਦਿੱਤਾ |