ਜ਼ੀਰਕਪੁਰ, 5 ਨਵੰਬਰ (ਮਨਿੰਦਰ ਸਿੰਘ)-ਬੁੱਧਵਾਰ ਸਵੇਰੇ ਤੜਕੇ ਚੰਡੀਗੜ੍ਹ ਦੇ ਸੈਕਟਰ-26 ਦੀ ਸਬਜ਼ੀ ਮੰਡੀ ਵਿਖੇ ਸਬਜ਼ੀਆਂ ਵੇਚ ਕੇ ਵਾਪਸ ਆ ਰਹੀ ਇਕ ਮਹਿੰਦਰਾ ਬਲੈਰੋ ਕਾਰ ਨੂੰ ਅਜੀਜ਼ਪੁਰ ਟੋਲ ਪਲਾਜ਼ਾ ਨੇੜੇ ਜ਼ੀਰਕਪੁਰ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਬਲੈਰੋ ਕਾਰ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਛਾਣ ਹਰਚੰਦ ਸਿੰਘ (37) ਵਾਸੀ ਪਿੰਡ ਮਿਓਦ ਖੁਰਦ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਵਜੋਂ ਹੋਈ ਹੈ | ਪੁਲਿਸ ਨੇ ਮਿ੍ਤਕ ਦੇ ਵੱਡੇ ਭਰਾ ਭੀਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਅਤੇ ਟਰੱਕ ਦੇ ਨੰਬਰ ਦੇ ਆਧਾਰ 'ਤੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਭੀਮ ਸਿੰਘ ਨੇ ਦੱਸਿਆ ਹੈ ਕਿ 4 ਨਵੰਬਰ ਨੂੰ ਉਹ ਤੇ ਉਸ ਦਾ ਭਰਾ ਬਲੈਰੋ ਪਿੱਕਅਪ ਗੱਡੀ ਵਿਚ ਸਬਜ਼ੀ ਵੇਚਣ ਲਈ ਸੈਕਟਰ-26 ਚੰਡੀਗੜ੍ਹ ਦੀ ਸਬਜ਼ੀ ਮੰਡੀ ਵਿਖੇ ਆਏ ਸਨ ਅਤੇ 5 ਨਵੰਬਰ ਦੀ ਰਾਤ ਨੂੰ ਸਬਜ਼ੀਆਂ ਵੇਚ ਕੇ ਜਦੋਂ ਦੋਵੇਂ ਭਰਾ ਵਾਪਸ ਘਰ ਜਾ ਰਹੇ ਸਨ ਤਾਂ ਇਸ ਦੌਰਾਨ ਸਵੇਰੇ 2 ਵਜੇ ਦੇ ਕਰੀਬ ਉਹ ਜ਼ੀਰਕਪੁਰ-ਪਟਿਆਲਾ ਸੜਕ 'ਤੇ ਅਜੀਜ਼ਪੁਰ ਟੋਲ ਪਲਾਜ਼ਾ ਤੋਂ ਅੱਧਾ ਕਿੱਲੋਮੀਟਰ ਅੱਗੇ ਜਾ ਰੁਕੇ | ਜਦੋਂ ਉਹ ਗੱਲਾਂ ਕਰ ਰਹੇ ਸਨ ਤਾਂ ਜ਼ੀਰਕਪੁਰ ਵਾਲੇ ਪਾਸੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਤੇ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਟਰੱਕ ਦਾ ਟਾਇਰ ਹਰਚੰਦ ਦੇ ਉੱਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਜੀਪ ਪਲਟ ਕੇ ਖੱਡੇ ਵਿਚ ਡਿੱਗ ਗਈ, ਜਦਕਿ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ | ਹਾਦਸੇ ਤੋਂ ਬਾਅਦ ਉਹ ਰਾਹਗੀਰਾਂ ਦੀ ਮਦਦ ਨਾਲ ਆਪਣੇ ਭਰਾ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਲਾਸ਼ ਨੂੰ ਮੁਰਦਾਘਰ ਵਿਖੇ ਰਖਵਾ ਦਿੱਤਾ |