ਚੰਡੀਗੜ੍ਹ, 19 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ (ਸੀ.ਡੀ.ਓ.ਈ) ਨੇ ਵੱਖ-ਵੱਖ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ 'ਚ ਦਾਖਲੇ ਲਈ ਅਰਜ਼ੀਆਂ ਮੰਗੀਆਂ ਹਨ | ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਅਰਜ਼ੀਆ ਸੀ.ਡੀ.ਓ.ਈ ਰਾਹੀਂ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ, ਐਡਵਾਂਸਡ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਲਈ ਲਈਆਂ ਜਾਣਗੀਆਂ | ਜਿਨ੍ਹਾਂ ਦੀ ਆਖਰੀ ਮਿਤੀ 20 ਅਗਸਤ ਹੈ | ਸੀ.ਡੀ.ਓ.ਈ ਕਈ ਤਰ੍ਹਾਂ ਦੇ ਅਕਾਦਮਿਕ ਪ੍ਰੋਗਰਾਮ ਪੇਸ਼ ਕਰ ਰਿਹਾ ਹੈ | ਜਿਸ ਵਿਚ ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ (ਬੀ.ਐਲਆਈਐਸ), ਬੀ.ਐੱਡ (2-ਸਾਲਾ ਕੋਰਸ) ਸ਼ਾਮਿਲ ਹਨ | ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਅਰਥ ਸ਼ਾਸਤਰ, ਸਿੱਖਿਆ, ਅੰਗਰੇਜ਼ੀ, ਹਿੰਦੀ, ਇਤਿਹਾਸ, ਰਾਜਨੀਤੀ ਵਿਗਿਆਨ, ਲੋਕ ਪ੍ਰਸ਼ਾਸਨ, ਪੰਜਾਬੀ ਅਤੇ ਸਮਾਜ ਸ਼ਾਸਤਰ ਵਿਚ ਮਾਸਟਰ ਆਫ਼ ਆਰਟਸ, ਮਾਸਟਰ ਆਫ਼ ਕਾਮਰਸ ਅਤੇ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟਰੇਸ਼ਨ ਸ਼ਾਮਿਲ ਹਨ | ਇਸ ਤੋਂ ਇਲਾਵਾ ਕੇਂਦਰ ਰਾਹੀਂ ਐਡਵਾਂਸਡ ਡਿਪਲੋਮਾ ਪ੍ਰੋਗਰਾਮ ਪੇਸ਼ ਕੀਤੇ ਹਨ, ਜਿਵੇਂ ਕਿ ਕੰਪਿਊਟਰ ਐਪਲੀਕੇਸ਼ਨ, ਆਫ਼ਤ ਪ੍ਰਬੰਧਨ ਅਤੇ ਕਾਰਪੋਰੇਟ ਸੁਰੱਖਿਆ, ਵਿਦਿਅਕ ਪ੍ਰਬੰਧਨ ਅਤੇ ਲੀਡਰਸ਼ਿਪ, ਮਾਰਗਦਰਸ਼ਨ ਅਤੇ ਸਲਾਹ, ਮਨੁੱਖੀ ਅਧਿਕਾਰ ਅਤੇ ਕਰਤੱਵ, ਸਿਹਤ, ਪਰਿਵਾਰ ਭਲਾਈ ਅਤੇ ਆਬਾਦੀ ਸਿੱਖਿਆ, ਲਾਇਬ੍ਰੇਰੀ ਆਟੋਮੇਸ਼ਨ ਅਤੇ ਨੈੱਟਵਰਕਿੰਗ, ਜਨ ਸੰਚਾਰ, ਫੋਟੋਗ੍ਰਾਫੀ, ਅੰਕੜਾ ਅਤੇ ਸਮਾਜਿਕ ਕਾਰਜ ਨਾਲ ਸਬੰਧਤ ਹਨ | ਸਰਟੀਫਿਕੇਟ-ਪੱਧਰ ਦੀਆਂ ਪੇਸ਼ਕਸ਼ਾਂ ਵਿਚ ਵਿਵੇਕਾਨੰਦ ਸਟੱਡੀਜ਼ ਵਿਚ ਸਰਟੀਫਿਕੇਟ ਕੋਰਸ (ਸਾਲਾਨਾ), ਮਹਿਲਾ ਅਧਿਐਨ ਵਿਚ ਸਰਟੀਫਿਕੇਟ ਕੋਰਸ (ਸਾਲਾਨਾ) ਅਤੇ ਕਾਰਪੋਰੇਟ ਸੁਰੱਖਿਆ, ਸੁਰੱਖਿਆ ਅਤੇ ਅੱਗ ਸੁਰੱਖਿਆ ਪ੍ਰਬੰਧਨ ਵਿਚ ਇੱਕ ਵਿਸ਼ੇਸ਼ ਸਰਟੀਫਿਕੇਟ ਕੋਰਸ (6 ਹਫ਼ਤੇ) ਸ਼ਾਮਲ ਹਨ, ਜੋ ਵਿਭਿੰਨ ਅਕਾਦਮਿਕ ਅਤੇ ਪੇਸ਼ੇਵਰ ਹਿੱਤਾਂ ਨੂੰ ਪੂਰਾ ਕਰਦੇ ਹਨ | ਬੀ.ਐੱਡ (ਸਮੈਸਟਰ-1) ਵਿਚ ਦਾਖਲੇ 14 ਜੁਲਾਈ ਤੋਂ ਸ਼ੁਰੂ ਹੋਏ ਸਨ ਅਤੇ ਉਮੀਦਵਾਰ ਵੈਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹਨ | ਬੀ.ਏ ਅਤੇ ਬੀ.ਕਾਮ ਸਮੈਸਟਰ-1 (ਨਵਾਂ ਬੈਚ) ਲਈ ਦਾਖਲੇ 1 ਅਗਸਤ ਤੋਂ ਸ਼ੁਰੂ ਹੋਣਗੇ |