ਡਾਬਾ/ਲੁਹਾਰਾ, 20 ਨਵੰਬਰ (ਕੁਲਵੰਤ ਸਿੰਘ ਸੱਪਲ)-ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਬਾਸਕਟਬਾਲ ਚੈਂਪੀਅਨਸ਼ਿਪ 'ਦ ਯੂਨੀਰਾਈਜ਼ ਵਰਲਡ' ਸਕੂਲ ਜਗਰਾਉਂ ਵਿਖੇ ਕਰਵਾਈ ਗਈ | ਇਸ ਪ੍ਰਤੀਯੋਗਤਾ ਵਿਚ ਡੀ. ਜੀ. ਐਸ. ਜੀ. ਪਬਲਿਕ ਸਕੂਲ ਦੇ ਬਾਸਕਟਬਾਲ ਅੰਡਰ-14, ਅੰਡਰ-17 ਅਤੇ ਅੰਡਰ-19 ਖਿਡਾਰੀਆਂ ਦੀਆਂ ਤਿੰਨਾਂ ਟੀਮਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਸਥਾਨ 'ਤੇ ਆ ਕੇ ਸੋਨੇ ਦੇ ਤਗਮਿਆਂ ਨੂੰ ਆਪਣੇ ਨਾਮ ਕਰਕੇ ਮੁੜ ਤੋਂ ਸਕੂਲ ਦਾ ਨਾਮ ਚਮਕਾਇਆ | ਇਸ ਖੇਡ ਮੇਲੇ ਵਿਚ ਬਾਸਕਟਬਾਲ ਦੀਆਂ ਅਨੇਕਾਂ ਟੀਮਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਡੀ.ਜੀ.ਐਸ.ਜੀ. ਪਬਲਿਕ ਸਕੂਲ ਦੇ ਖਿਡਾਰੀ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਸਰੋਤਿਆਂ ਦੀ ਖਿੱਚ ਦਾ ਕੇਂਦਰ ਬਣੇ ਰਹੇ | ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਰੋਹਿਤ ਚੌਹਾਨ ਨੂੰ ਸਕੂਲ ਦਾ ਨਾਮ ਰੌਸ਼ਨ ਕਰ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ ਅਤੇ ਸਕੂਲ ਨੂੰ ਹੋਰ ਉੱਚੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਦੀ ਕਾਮਨਾ ਕੀਤੀ | ਸਕੂਲ ਦੇ ਪਿ੍ੰਸੀਪਲ ਡਾ. ਰਜਨੀ ਐਂਗਰੀਸ਼ ਨੇ ਇਸ ਜਿੱਤ ਦਾ ਸਿਹਰਾ ਬਾਸਕਟਬਾਲ ਦੇ ਕੋਚ ਤੇ ਉਨ੍ਹਾਂ ਦੇ ਖਿਡਾਰੀਆਂ ਦੇ ਸਿਰ ਬੰਨਿ੍ਹਆ | ਉਨ੍ਹਾਂ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਦੀ ਨਿਰੰਤਰ ਮਿਹਨਤ ਦੀ ਖੂਬ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਦੇ ਰਾਹੀਂ ਜੀਵਨ ਵਿਚ ਖੂਬ ਤਰੱਕੀ ਕਰਨ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੀ ਸਫਲਤਾ ਲਈ ਚੰਗੇ ਗਿਆਨ ਦੀ ਜ਼ਰੂਰਤ ਪੈਂਦੀ ਹੈ | ਸਿੱਖਿਆ ਦਾ ਮਕਸਦ ਸਿਰਫ਼ ਅੱਖਰੀ ਗਿਆਨ ਹਾਸਿਲ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀ ਦੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕਰਨਾ ਵੀ ਹੈ |