ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਨਾਨਕਸਰ, ਸਮਰਾਲਾ ਚੌਂਕ ਲੁਧਿਆਣਾ ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ 21 ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਨਾਲ ਸ਼ੁਰੂ ਹੋ ਗਿਆ | ਬੋਲੇ ਸੋ ਨਿਹਾਲ ਸਤਿਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਬਾਬਾ ਅਨਹਦਰਾਜ ਸਿੰਘ ਜੀ ਨੇ ਕਿਹਾ ਕਿ ਸੰਤ ਬਾਬਾ ਜਸਵੰਤ ਸਿੰਘ ਜੀ ਸੇਵਾ, ਸਿਮਰਨ ਦੇ ਪੁੰਜ, ਅਦੁੱਤੀ ਸ਼ਖਸੀਅਤ ਦੇ ਮਾਲਕ ਅਤੇ ਪਰਉਪਕਾਰੀ ਮਹਾਂਪੁਰਖ ਸਨ | ਉਨ੍ਹਾਂ ਨੇ ਲੋਕਾਂ ਨੂੰ ਨਿਮਰਤਾ ਅਤੇ ਦਇਆ ਨੂੰ ਅਪਣਾਉਣ ਲਈ ਪ੍ਰੇਰਿਆ ਅਤੇ ਹਮੇਸ਼ਾਂ ਸ਼ਬਦ ਨੂੰ ਗੁਰੂ ਮੰਨ ਕੇ ਸੁਰਤ ਨੂੰ ਚੇਲਾ ਸਮਝ ਕੇ ਗੁਰਬਾਣੀ ਦੁਆਰਾ ਦੱਸੇ ਗਾਡੀ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬਾਬਾ ਅਨਹਦਰਾਜ ਸਿੰਘ ਨੇ ਕਿਹਾ ਕਿ ਬਿਨ੍ਹਾਂ ਨਾਮ ਸਿਮਰਨ ਤੋਂ ਆਤਮਿਕ ਖੁਸ਼ੀ ਦੀ ਪ੍ਰਾਪਤੀ ਨਹੀਂ ਹੋ ਸਕਦੀ | ਸੱਚ ਦੇ ਮਾਰਗ 'ਤੇ ਚੱਲਣ ਲਈ ਗੁਰਬਾਣੀ ਨਾਲ ਜੁੜਨਾ ਹੋਵੇਗਾ | ਸਮਾਗਮ ਦੀ ਆਰੰਭਤਾ ਦੌਰਾਨ ਬਾਬਾ ਅਨਹਦਰਾਜ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੇ ਪ੍ਰਬੰਧਕ ਬਾਬਾ ਅਨਹਦਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 19 ਨਵੰਬਰ ਨੂੰ ਅੰਮਿ੍ਤ ਸੰਚਾਰ ਹੋਵੇਗਾ | ਸਾਲਾਨਾ ਗੁਰਮਤਿ ਸਮਾਗਮਾਂ ਵਿਚ ਸੰਤ ਮਹਾਂਪੁਰਖ, ਪ੍ਰਸਿੱਧ ਵਿਦਵਾਨ, ਕਥਾਵਾਚਕ, ਕੀਰਤਨੀ ਜੱਥੇ ਅਤੇ ਸਮਾਜਿਕ ਖੇਤਰ ਦੀਆਂ ਸ਼ਖਸੀਅਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ | ਇਸ ਉਪਰੰਤ ਸ੍ਰੀ ਗੁਰੂ ਅਮਰ ਦਾਸ ਹਸਪਤਾਲ ਵੱਲੋਂ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਅਤੇ ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਦੰਦਾਂ ਦੇ ਲਗਾਏ ਗਏ ਚਾਰ ਰੋਜ਼ਾ (18 ਤੋਂ 21 ਨਵੰਬਰ 2025) ਫ੍ਰੀ ਚੈੱਕਅੱਪ ਕੈਂਪ ਦਾ ਉਦਘਾਟਨ ਬਾਬਾ ਅਨਹਦਰਾਜ ਸਿੰਘ ਜੀ ਵਲੋਂ ਕੀਤਾ ਗਿਆ | ਪਿ੍ੰਸੀਪਲ ਡਾ. ਨਮੀਤਾ ਸਿੰਘ ਅਤੇ ਡਾ. ਨਵਦੀਪ ਕੌਰ ਦੀ ਅਗਵਾਈ ਅਤੇ ਦੇਖ ਰੇਖ ਹੇਠ ਲੱਗੇ ਦੰਦਾਂ ਦੇ ਚੈਕਅੱਪ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਸੈਂਕੜੇ ਮਰੀਜ਼ਾਂ ਦੇ ਦੰਦਾਂ ਦਾ ਚੈਕਅੱਪ ਕੀਤਾ ਅਤੇ ਨਾਲ ਹੀ ਦੰਦਾਂ ਦੀਂ ਸੰਭਾਲ ਰੱਖਣ ਬਾਰੇ ਪ੍ਰੇਰਿਤ ਕੀਤਾ | ਸਾਲਾਨਾ ਗੁਰਮਤਿ ਸਮਾਗਮ ਦੌਰਾਨ ਇੰਡੋ ਗਲੋਬਲ ਲਾਅ ਫਰਮ ਅਤੇ ਨਸਦੀਪ ਫਾਊਾਡੇਸ਼ਨ ਦੇ ਸਹਿਯੋਗ ਨਾਲ ਮੁਫਤ ਕਾਨੂੰਨੀ ਸਹਾਇਤਾ ਕੈਂਪ ਵੀ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਬਾਬਾ ਅਨਹਦਰਾਜ ਸਿੰਘ ਜੀ ਵਲੋਂ ਕੀਤਾ ਗਿਆ | 20 ਅਤੇ 21 ਨਵੰਬਰ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਪੀਟੀਸੀ ਸਿਮਰਨ ਚੈਨਲ, ਫਾਸਟਵੇ ਚੈਨਲ, ਸਿੱਖ ਚੈਨਲ, ਫਤਿਹ ਟੀਵੀ ਅਤੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋਵੇਗਾ |