ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਮਿਸ਼ਨਰ ਵਲੋਂ ਸ਼ਹਿਰ ਵਿਚ ਕੂੜੇ ਦੇ ਉਚਿੱਤ ਢੰਗ ਨਾਲ ਨਿਪਟਾਰੇ ਲਈ ਸਿਹਤ ਸ਼ਾਖਾ ਦੇ ਅਧਿਕਾਰੀਆਂ ਨੰੂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਨਿਰਦੇਸ਼ ਡਿਪਟੀ ਮੇਅਰ ਦੇ ਆਪਣੇ ਵਾਰਡ ਨੰਬਰ 40 ਵਿਚ ਲਾਗੂ ਹੁੰਦੇ ਹੋਏ ਨਹੀਂ ਦਿੱਖ ਰਹੇ | ਵਾਰਡ ਨੰਬਰ 40 ਦੇ ਹਾਲਾਤ ਇੰਨੇ ਬੁਰੇ ਹਨ ਕਿ ਖਾਲੀ ਪਲਾਟ ਕੂੜੇ ਦੇ ਡੰਪ ਵਿਚ ਤਬਦੀਲ ਹੋ ਚੁੱਕੇ ਹਨ | ਇਸ ਕਾਰਨ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਨਿਵਾਸੀਆਂ ਦਾ ਕਹਿਣਾ ਹੈ ਕਿ ਜੇ ਡਿਪਟੀ ਮੇਅਰ ਆਪਣੇ ਵਾਰਡ ਵਿਚ ਹੀ ਕੂੜਾ ਨਹੀਂ ਚੁਕਵਾ ਸਕਦੇ, ਤਾਂ ਪੂਰੇ ਸ਼ਹਿਰ ਦਾ ਸਫ਼ਾਈ ਪ੍ਰਬੰਧ ਕਿਵੇਂ ਹੋਵੇਗਾ | ਢਾਬਾ ਚੌਕ ਨੇੜੇ ਖਾਲੀ ਪਲਾਟ ਵਿਚ ਨਿਰੰਤਰ ਕੂੜਾ ਸੁੱਟਿਆ ਜਾ ਰਿਹਾ ਹੈ | ਚੌਕ ਨੇੜੇ ਆਪਣੀਆਂ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਵਲੋਂ ਕਈ ਵਾਰ ਨਗਰ ਨਿਗਮ ਨੰੂ ਇਸ ਬਾਰੇ ਸ਼ਿਕਾਇਤ ਕੀਤੀ ਗਈ, ਪਰ ਫਿਰ ਵੀ ਹਾਲਤ ਜਿਉਂ ਦੇ ਤਿਉਂ ਹਨ | ਉਥੇ ਹੀ ਡਿਪਟੀ ਮੇਅਰ ਦੇ ਮੁੱਖ ਦਫ਼ਤਰ ਦੇ ਸਾਹਮਣੇ ਹੀ ਖਾਲੀ ਪਲਾਟ ਵਿਚ ਕੂੜੇ ਦੇ ਢੇਰ ਪਏ ਹੋਏ ਹਨ, ਜੋ ਉਨ੍ਹਾਂ ਲਈ ਇਕ ਵੱਡੀ ਚੁਨੌਤੀ ਬਣ ਚੁੱਕੀ ਹੈ | ਵਾਰਡ ਦੇ ਸ਼ਿਵ ਸ਼ਕਤੀ ਮੰਦਰ ਨੇੜੇ ਗਲੀ ਨੰਬਰ 8 ਦੀਆਂ ਮਹਿਲਾਵਾਂ ਨੇ ਦੱਸਿਆ ਕਿ ਜਿੱਥੇ ਕੂੜੇ ਦੀ ਸਮੱਸਿਆ ਹੈ, ਉਥੇ ਸਟਰੀਟ ਲਾਈਟਾਂ ਵੀ ਨਹੀਂ ਜਲਦਿਆਂ, ਜਿਸ ਕਾਰਨ ਗਲੀ ਵਿਚ ਹਨੇਰਾ ਰਹਿੰਦਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੀਣ ਵਾਲਾ ਪਾਣੀ ਵੀ ਨਿਯਮਤ ਤੌਰ 'ਤੇ ਨਹੀਂ ਮਿਲਦਾ | ਕਵਾਲਿਟੀ ਚੌਕ ਵਿਚ ਵੀ ਪਾਣੀ ਦੀ ਨਿਕਾਸੀ ਜਾਲੀ ਦਾ ਢੱਕਣ ਗਾਇਬ ਹੈ ਤੇ ਜਾਲੀ ਕੂੜੇ ਨਾਲ ਭਰੀ ਪਈ ਹੈ, ਜਿਸ ਨਾਲ ਸਿਹਤ ਸੰਬੰਧੀ ਖਤਰਾ ਹੋਰ ਵੱਧ ਗਿਆ ਹੈ | ਹੁਣ ਸਵਾਲ ਇਹ ਹੈ ਕਿ ਕੀ ਡਿਪਟੀ ਮੇਅਰ ਆਪਣੇ ਵਾਰਡ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣਗੇ ਜਾਂ ਫਿਰ ਦੀਵੇ ਥੱਲੇ ਹਨੇਰਾ ਵਾਲੀ ਕਹਾਵਤ 'ਤੇ ਹੀ ਚੱਲਦੇ ਰਹਿਣਗੇ |
ਦੀਵੇ ਥੱਲੇ ਹਨੇਰਾ, ਡਿਪਟੀ ਮੇਅਰ ਦੇ ਆਪਣੇ ਵਾਰਡ 'ਚ ਹੀ ਕੂੜੇ ਦੇ ਢੇਰ! <br/>
ਅਜੀਤ ਡੈਸਕ
07-11-2025