ਲੁਧਿਆਣਾ, 5 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਕਲੱਬ ਰੋਡ 'ਤੇ ਸਥਿਤ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸ਼ਿਵਾਲਾ ਰੋਡ ਦੇ ਰਹਿਣ ਵਾਲੇ ਮੋਹਿਤ ਗੁਪਤਾ ਪੁੱਤਰ ਰਜਿੰਦਰ ਗੁਪਤਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਬਲਰਾਜ ਸਿੰਘ ਰਾਣਾ, ਉਸ ਦੇ ਭਰਾ ਰਜਿੰਦਰ ਸਿੰਘ, ਰਾਣਾ ਨੀਲਮ, ਬਲਰਾਜ ਅਤੇ ਰਜਿੰਦਰ ਦੀਆਂ ਪਤਨੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਬਲਰਾਜ ਸਿੰਘ ਅਤੇ ਰਜਿੰਦਰ ਸਿੰਘ ਰਾਣਾ ਨੂੰ ਕਾਬੂ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਦਾਦਾ ਨੇ ਇਕ ਜਾਇਦਾਦ ਕਲੱਬ ਰੋਡ 'ਤੇ ਉਕਤ ਕਥਿਤ ਦੋਸ਼ੀਆਂ ਨੂੰ ਰਹਿਣ ਲਈ ਦਿੱਤੀ ਹੋਈ ਸੀ, ਜਦੋਂ ਉਹ ਬੀਤੇ ਦਿਨ ਉਕਤ ਜਾਇਦਾਦ 'ਤੇ ਗੇੜਾ ਮਾਰਨ ਗਿਆ ਤਾਂ ਉਸ ਦੇ ਕਬਜ਼ੇ ਅਧੀਨ ਦੋ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰਿਆਂ ਅੰਦਰ ਭਾਈ 50,000 ਦੀ ਨਗਦੀ ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਉਕਤ ਦੋਵਾਂ ਨੂੰ ਕਾਬੂ ਕੀਤਾ ਹੈ, ਜਦਕਿ ਬਾਕੀ ਕਥਿਤ ਦੋਸ਼ੀ ਅਜੇ ਫ਼ਰਾਰ ਦੱਸੇ ਜਾਂਦੇ ਹਨ | ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ¢