ਲੁਧਿਆਣਾ, 21 ਜੁਲਾਈ (ਜਗਮੀਤ ਸਿੰਘ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਲੁਧਿਆਣਾ ਦੇ ਚਾਰ ਪਿੰਡਾਂ ਗੁਰੂ ਰਾਮਦਾਸ ਕਾਲੋਨੀ, ਅਮਰ ਕਾਲੋਨੀ, ਭਾਮੀਆਂ ਖ਼ੁਰਦ ਅਤੇ ਭੂਖੜੀ ਖ਼ੁਰਦ ਨੂੰ ਨੂੰ ਵੈਕਿਊਮ ਟੈਂਕਰ ਦਿੱਤੇ ਗਏ ਹਨ, ਇਨ੍ਹਾਂ ਪਿੰਡਾਂ ਨੂੰ 15 ਲੱਖ ਦੀ ਗਰਾਂਟ ਦਿੱਤੀ ਗਈ ਹੈ | ਇਨ੍ਹਾਂ ਟੈਂਕਰਾਂ ਨੂੰ ਪਿੰਡਾਂ ਦੇ ਸਰਪੰਚ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਨੇ ਸੌਂਪੇ | ਇਨ੍ਹਾਂ ਪਿੰਡਾਂ ਦੀਆਂ ਡੇਅਰੀਆਂ ਦਾ ਗੰਦਾ ਪਾਣੀ ਤੇ ਗੋਹਾ ਬੁੱਢੇ ਦਰਿਆ ਵਿਚ ਜਾ ਰਿਹਾ ਸੀ | ਇਹ ਵੈਕਿਊਮ ਟੈਂਕਰਾਂ ਨਾਲ ਦਰਿਆ ਵਿਚ ਜਾਣ ਵਾਲਾ ਗੰਦਾ ਪਾਣੀ ਇਕੱਠ ਕਰ ਲਿਆ ਜਾਵੇਗਾ ਤੇ ਖੁੱਲ੍ਹੇ ਖੇਤਾਂ ਵਿਚ ਛੱਡਿਆ ਜਾਵੇਗਾ | ਭੂਖੜੀ ਖ਼ੁਰਦ ਦੇ ਸਰਪੰਚ ਸਤਪਾਲ ਸਿੰਘ, ਗੁਰੂ ਰਾਮਦਾਸ ਨਗਰ ਕਾਲੋਨੀ ਦੇ ਸਰਪੰਚ ਬਲਵਿੰਦਰ ਸਿੰਘ ਵਿਰਕ, ਭਾਮੀਆਂ ਖ਼ੁਰਦ ਦੇ ਸਰਪੰਚ ਕੁਲਵੰਤ ਸਿੰਘ ਅਤੇ ਅਮਰ ਕਾਲੋਨੀ ਦੇ ਸਰਪੰਚ ਰਜਿੰਦਰ ਸਿੰਘ ਹੁੰਦਲ ਨੇ ਸਾਂਝੇ ਤੌਰ 'ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਵੈਕਿਊਮ ਟੈਂਕਰ ਬੁੱਢੇ ਦਰਿਆ ਨੂੰ ਸਾਫ਼ ਰੱਖਣ ਵਿਚ ਇਕ ਇਨਕਲਾਬੀ ਕਦਮ ਹੈ | ਸਰਪੰਚਾਂ ਨੇ ਕਿਹਾ ਕਿ ਸੰਤ ਸੀਚੇਵਾਲ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਪਿਛਲੇ 7 ਮਹੀਨਿਆਂ ਤੋਂ ਬੁੱਢੇ ਦਰਿਆ ਵਿਚ ਗੰਦੇ ਪਾਣੀ ਪੈਣ ਤੋਂ ਰੋਕਣ ਲਈ ਦਿਨ ਰਾਤ ਲੱਗੇ ਹੋਏ ਹਨ | ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢਾ ਦਰਿਆ ਸਮੁੱਚੇ ਪੰਜਾਬੀਆਂ ਦੀ ਮਲਕੀਅਤ ਹੈ | ਇਸ ਨੂੰ ਸਾਫ਼ ਸੁਥਰਾ ਰੱਖਣਾ ਵੀ ਸਾਡਾ ਸਾਰਿਆ ਦਾ ਫ਼ਰਜ਼ ਹੈ | ਇਸ ਬੁੱਢੇ ਦਰਿਆ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ | ਇਸ ਕਰਕੇ ਸਾਡੇ ਲਈ ਇਹ ਪਵਿੱਤਰ ਵੇਈਾ ਵਾਂਗ ਹੀ ਹੈ ਤੇ ਉੇਸੇ ਤਰਜ਼ 'ਤੇ ਇਸ ਨੂੰ ਸਾਫ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਠੂ, ਮਨਜਿੰਦਰ ਸਿੰਘ ਭੋਲਾ ਮਾਂਗਟ, ਇਕਬਾਲ ਸਿੰਘ ਜੰਡਿਆਲੀ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |