ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਧਾਂਦਰਾ ਰੋਡ 'ਤੇ 27 ਜੂਨ ਨੂੰ ਸਾਬਕਾ ਅਕਾਲੀ ਆਗੂ ਕੁਲਦੀਪ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਨਾਮਜ਼ਦ ਕੀਤੇ ਦੋਰਾਹਾ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਨੇ ਅੱਜ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ | ਪੁਲਿਸ ਅਨੁਸਾਰ ਇਸ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਇੰਦਰਪਾਲ ਸਿੰਘ ਨੂੰ ਮੁੱਖ ਤੌਰ 'ਤੇ ਨਾਮਜ਼ਦ ਕੀਤਾ ਗਿਆ ਸੀ | ਕਤਲ ਦਾ ਕਾਰਨ ਮਿ੍ਤਕ ਅਤੇ ਨਾਮਜ਼ਦ ਕਥਿਤ ਦੋਸ਼ੀ ਵਿਚਾਲੇ ਆਪਸੀ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ, ਜਿਸ 'ਤੇ ਉਕਤ ਕਥਿਤ ਦੋਸ਼ੀ ਨੇ ਭਾੜੇ ਦੇ ਕਾਤਲਾਂ ਪਾਸੋਂ ਉਸਦਾ ਕਤਲ ਕਰਵਾ ਦਿੱਤਾ | ਘਟਨਾ ਵਾਲੇ ਦਿਨ 27 ਜੂਨ ਦੀ ਰਾਤ ਨੂੰ 65 ਸਾਲਾ ਕੁਲਦੀਪ ਸਿੰਘ ਧਾਂਦਰਾ ਰੋਡ ਸਥਿਤ ਕਾਰ 'ਤੇ ਜਾ ਰਿਹਾ ਸੀ ਕਿ ਚਾਰ ਹਮਲਾਵਰਾਂ ਨੇ ਉਸ 'ਤੇ ਅੰਨੇ੍ਹਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਇਹ ਸਾਰੀ ਘਟਨਾ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ | ਪੁਲਿਸ ਵਲੋਂ ਇਸ ਤੋਂ ਪਹਿਲਾਂ ਜੰਮੂ ਦੇ ਰਹਿਣ ਵਾਲੇ ਇਕ ਪਹਾੜੇ ਦੇ ਕਾਤਲ ਨੂੰ ਕਾਬੂ ਕੀਤਾ ਸੀ ਅਤੇ ਉਸ ਤੋਂ ਬਾਅਦ ਹੀ ਪੁਲਿਸ ਵਲੋਂ ਉਕਤ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਸੀ | ਪੁਲਿਸ ਅਨੁਸਾਰ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਾਬੂ ਕੀਤੇ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਸ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ | ਕਥਿਤ ਦੋਸ਼ੀ ਅਤੇ ਮਿ੍ਤਕ ਅਕਾਲੀ ਆਗੂ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਕਤਲ ਦਾ ਕਾਰਨ ਵੀ ਪਰਿਵਾਰਕ ਵਿਵਾਦ ਦੱਸਿਆ ਜਾ ਰਿਹਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਨੇ ਅਕਾਲੀ ਆਗੂ ਨੂੰ ਕਤਲ ਕਰਵਾਉਣ ਲਈ ਭਾੜੇ ਦੇ ਕਾਤਲਾਂ ਨੂੰ ਲੱਖਾਂ ਰੁਪਏ ਦੀ ਨਗਦੀ ਵੀ ਦਿੱਤੀ ਸੀ ਅਤੇ ਕਤਲ ਸਮੇਂ ਉਹ ਵੀ ਖੁਦ ਘਟਨਾ ਵਾਲੀ ਥਾਂ 'ਤੇ ਮੌਜੂਦ ਸੀ ਅਤੇ ਇਕ ਕਾਰ ਵਿਚ ਇਹ ਸਭ ਕੁੱਝ ਦੇਖ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਜਾਂਚ ਦੌਰਾਨ ਜਿਹੜੇ ਵੀ ਹੋਰ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ | ਕਤਲ ਤੋਂ ਬਾਅਦ ਇੰਦਰਪਾਲ ਨੇ ਜੰਮੂ ਵਿਚ ਕਾਤਲਾਂ ਲਈ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ | ਪੁਲਿਸ ਨੇ ਹੁਣ ਤੱਕ ਜੰਮੂ ਪੁਲਿਸ ਦੀ ਮਦਦ ਨਾਲ ਇਕ ਕਾਤਲ ਗੁਰਚਰਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਕਿਹਾ ਕਿ ਅਪਰਾਧ ਨੂੰ ਅੰਜਾਮ ਦੇਣ ਵਾਲੇ ਬਾਕੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ |