ਲੁਧਿਆਣਾ, 16 ਜੁਲਾਈ (ਜਸਵਿੰਦਰ ਸਿੰਘ)-ਇਸ ਸਮੇਂ ਲਗਭਗ ਸਾਰੇ ਪੰਜਾਬ ਵਿਚ ਝੋਨੇ ਦੀ ਬਿਜਾਈ ਅਤੇ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਸਾਨ ਖੇਤਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਕਰ ਰਹੇ ਹਨ | ਇਸ ਪ੍ਰਸੰਗ ਵਿਚ ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਰੋਕਥਾਮ ਵਾਸਤੇ ਛਿੜਕਾਅ ਦੇ ਜ਼ਰੂਰੀ ਨੁਕਤੇ ਸੁਝਾਏ ਹਨ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਯੂਨੀਵਰਸਿਟੀ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ, ਚੀਨੀ/ਘੋੜਾ ਘਾਹ, ਗੰਡੀ ਵਾਲਾ ਡੀਲਾ/ਮੋਥਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਸਮੱਸਿਆ ਦੀ ਰੋਕਥਾਮ ਲਈ 500 ਮਿਲੀਲਿਟਰ ਪ੍ਰਤੀ ਏਕੜ ਨੋਵਲੈਕਟ 12 ਈਸੀ (ਫ਼ਲੋਰਪਾਈਰਾਕਸੀਫੈਨ ਬੈਨਜਾਈਲ ਅਤੇ ਸਾਈਹੈਲੋਫੌਪ ਬਿਊਟਾਈਲ) ਦੀ ਸਿਫ਼ਾਰਿਸ਼ ਕੀਤੀ ਗਈ ਹੈ | ਜੇਕਰ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੀ ਹੈ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੋਮਨੀਗੋਲਡ 10 ਐਸ.ਸੀ. (ਬਿਸਪਾਇਰੀਬੈਕ) ਹੀ ਕਾਰਗਰ ਹੈ | ਇਸ ਤੋਂ ਇਲਾਵਾ ਜੇਕਰ ਖੇਤ ਵਿਚ ਘਾਹ ਵਾਲੇ ਨਦੀਨ ਜਿਵੇਂ ਕਿ ਗੁੜਤ ਮਧਾਣਾ, ਚੀਨੀ/ਘੋੜਾ ਘਾਹ, ਚਿੜੀ ਘਾਹ ਅਤੇ ਤੱਕੜੀ ਘਾਹ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਖੇਤਾਂ ਵਿਚ 400 ਮਿਲੀ ਲੀਟਰ ਪ੍ਰਤੀ ਪ੍ਰਤੀ ਏਕੜ ਰਾਈਸ ਸਟਾਰ 6.7 ਈਸੀ (ਫਿਨਾਕਸਾਪਰੋਪ-ਪੀ-ਇਥਾਇਲ) ਦਾ ਹੀ ਛਿੜਕਾਅ ਕਰੋ | ਛਿੜਕਾਅ ਕਰਨ ਦੇ ਸਮੇਂ ਨਦੀਨਾਂ ਦੀ ਅਵਸਥਾ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਨਦੀਨ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਸਿਫ਼ਾਰਿਸ਼ ਵਾਲੀ ਅਵਸਥਾ (1-4 ਪੱਤੇ) ਤੋਂ ਵੱਡਾ ਹੋ ਜਾਵੇ ਤਾਂ ਸਿਫ਼ਾਰਿਸ਼ ਕੀਤੇ ਹੋਏ ਨਦੀਨ ਨਾਸ਼ਕ ਵੀ ਚੰਗੇ ਨਤੀਜੇ ਨਹੀਂ ਦਿੰਦੇ | ਇਸ ਮੌਕੇ ਡਾ. ਹਰੀ ਰਾਮ, ਮੁਖੀ ਫ਼ਸਲ ਵਿਗਿਆਨ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਈ ਵਾਰ ਕੁੱਝ ਕਿਸਾਨ, ਨਦੀਨਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਲਈ ਆਪਣੇ ਤੌਰ 'ਤੇ ਦੋ ਜਾਂ ਦੋ ਤੋਂ ਵੱਧ ਨਦੀਨ ਨਾਸ਼ਕਾਂ ਨੂੰ ਰਲਾ ਕੇ ਵਰਤ ਰਹੇ ਹਨ | ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਖੇਤੀ ਖ਼ਰਚਿਆਂ ਵਿਚ ਵਾਧਾ ਕਰ ਰਹੇ ਹਨ ਅਤੇ ਇਸ ਦੇ ਚੰਗੇ ਨਤੀਜੇ ਵੀ ਨਹੀਂ ਮਿਲਦੇ | ਇਸ ਲਈ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਦੀਨ ਦੀ ਪਹਿਚਾਣ ਕਰਕੇ ਸਹੀ ਸਮੇਂ 'ਤੇ ਢੁਕਵੇਂ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾਵੇ |