16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚੇ ਤੇ ਬਿਜਲੀ ਬੋਰਡ ਜਥੇਬੰਦੀਆਂ ਨੇ ਸਾੜੀਆਂ ਬਿਜਲੀ ਤੇ ਬੀਜ ਬਿੱਲ ਦੀਆਂ ਕਾਪੀਆਂ

ਅਜੀਤ ਡੈਸਕ 09-12-2025
ਪੱਟੀ, 8 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਬਿਜਲੀ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਬਿਜਲੀ ਬਿੱਲ 2025 ਦੀਆਂ ਕਾਪੀਆਂ ਜਿੱਥੇ ਸਾਰੇ ਭਾਰਤ ਵਿਚ ਥਾਂ-ਥਾਂ ਸਾੜੀਆਂ ਗਈਆਂ, ਉੱਥੇ ਪੰਜਾਬ ਵਿਚ ਬਿਜਲੀ ਘਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ ਤੇ ਸਥਾਨਕ ਬਿਜਲੀ ਸਰਕਲ ਦਫ਼ਤਰ ਆਸਲ ਅੱਗੇ ਵਿਸ਼ਾਲ ਧਰਨਾ ਪ੍ਰਦਰਸ਼ਨ ਕਰਦਿਆਂ ਬਿਜਲੀ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਧਰਨੇ 'ਚ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਭਜਨ ਸਿੰਘ, ਕਾਰਜ ਸਿੰਘ ਕੈਰੋਂ, ਚਮਕੌਰ ਸਿੰਘ, ਸਤਨਾਮ ਸਿੰਘ, ਸਰਕਲ ਪਧਾਨ ਟੀ.ਐਸ.ਯੂ. ਮੁਖ਼ਤਿਆਰ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤੇ ਧਰਮ ਸਿੰਘ, ਪੈਨਸ਼ਨਰਜ਼ ਆਗੂਆਂ ਜਗਤਾਰ ਸਿੰਘ ਆਸਲ, ਜੈਮਲ ਸਿੰਘ ਬਾਠ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪ੍ਰਸਤਾਵਿਤ ਬਿਜਲੀ ਬਿੱਲ ਕਾਨੂੰਨ ਬਣਨ ਨਾਲ ਸਾਰੇ ਰਾਜਾਂ ਦੇ ਬਿਜਲੀ ਵਿਭਾਗ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਚਲੇ ਜਾਣਗੇ, ਜਿਸ ਨਾਲ ਆਮ ਜਨਤਾ ਤੇ ਕਿਸਾਨਾਂ ਨੂੰ ਸਸਤੀ ਬਿਜਲੀ ਨਹੀਂ ਮਿਲੇਗੀ | ਦੇਸ਼ ਦੀ ਅਜ਼ਾਦੀ ਉਪਰੰਤ ਬਣਾਏ ਬਿਜਲੀ ਕਾਨੂੰਨ ਵਿਚ ਲਿਖਿਆ ਸੀ ਕਿ ਬਿਜਲੀ ਆਮ ਲੋਕਾਂ ਦੀ ਲੋੜ ਹੈ | ਇਸ ਕਰਕੇ ਆਮ ਸਾਧਾਰਨ ਸ਼ਹਿਰੀਆਂ ਨੂੰ ਬਿਜਲੀ ਸਸਤੀ ਮਿਲੇਗੀ ਅਤੇ ਵੱਡੇ ਧਨਾਢ ਘਰਾਣਿਆਂ ਨੂੰ ਮਹਿੰਗੀ, ਪਰ ਹੁਣ ਇਹ ਬਿੱਲ ਪਾਸ ਹੋਣ ਨਾਲ ਉਲਟ ਕੰਮ ਹੋਵੇਗਾ, ਵੱਡੇ ਘਰਾਣਿਆਂ ਨੂੰ ਸਸਤੀ ਤੇ ਸਾਧਾਰਣ ਲੋਕਾਂ ਨੂੰ ਮਹਿੰਗੀ ਬਿਜਲੀ ਮਿਲੇਗੀ | ਸਮਾਰਟ ਮੀਟਰ ਰਾਹੀਂ ਫੋਨਾਂ ਵਾਂਗ ਬਿਜਲੀ ਰਿਚਾਰਜ ਵੀ ਪਹਿਲਾਂ ਦੇਣਾ ਪਵੇਗਾ | ਮਜ਼ਦੂਰ ਕਿਸਾਨ ਲਈ ਕੋਈ ਸਬਸਿਡੀ ਨਹੀਂ ਰਹੇਗੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦਾ ਫ਼ੈਸਲਾ ਵਾਪਸ ਲਵੇ ਅਤੇ ਕੇਂਦਰੀ ਬਿਜਲੀ ਬਿੱਲ ਵਿਰੁੱਧ ਅਸੈਂਬਲੀ ਵਿਚ ਮਤਾ ਪਾਸ ਕਰਕੇ ਲੋਕਾਂ ਨੂੰ ਦੱਸੇ ਕਿ ਪੰਜਾਬ ਸਰਕਾਰ ਲੋਕਾਂ ਨਾਲ ਖੜੀ ਹੈ | ਇਸ ਮੌਕੇ ਕੇਂਦਰ ਸਰਕਾਰ ਦੇ ਬੀਜ ਬਿੱਲ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ, ਕਿਉਂਕਿ ਇਹ ਬੀਜ ਬਿੱਲ ਪਾਸ ਹੋਣ ਨਾਲ ਕਿਸਾਨ ਤੇ ਯੂਨੀਵਰਸਿਟੀਆਂ ਬੀਜ ਨਹੀਂ ਪੈਦਾ ਕਰ ਸਕਣਗੀਆਂ ਤੇ ਸਾਰਾ ਬੀਜ ਕਾਰਪੋਰੇਟ ਘਰਾਣਿਆਂ ਦੇ ਹੀ ਵਿਕਣਗੇ, ਜਿਸ ਨਾਲ ਪੰਜਾਬ ਸਮੇਤ ਦੇਸ਼ ਦਾ ਖੇਤੀ ਸੈਕਟਰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋ ਜਾਵੇਗਾ | ਉਨ੍ਹਾਂ ਅਪੀਲ ਕੀਤੀ ਕਿ ਸਮਾਜ ਦੇ ਹਰ ਵਰਗ ਨੂੰ ਇਹਨਾਂ ਲੋਕ ਮਾਰੂ ਬਿੱਲਾਂ ਵਿਰੁੱਧ ਡਟਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਇਹ ਲੋਕ ਮਾਰੂ ਫੈਸਲੇ ਵਾਪਸ ਨਾ ਲਏ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ | ਇਸ ਸਮੇਂ ਨਿਸ਼ਾਨ ਸਿੰਘ ਘਰਿਆਲਾ, ਰਸ਼ਪਾਲ ਸਿੰਘ ਬਾਠ, ਗੁਰਦਿਆਲ ਸਿੰਘ ਵਰਨਾਲਾ, ਬਾਬਾ ਹੀਰਾ ਸਿੰਘ ਤਲਵੰਡੀ ਹਾਜ਼ਰ ਸਨ |

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਕਾਲਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ <br/> ਅਗਲੀ ਖ਼ਬਰ ਗੋਲੀ ਮਾਰ ਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।