ਭਿੱਖੀਵਿੰਡ, 3 ਦਸੰਬਰ (ਬੌਬੀ)-ਬਲਾਕ ਦਫ਼ਤਰ ਭਿੱਖੀਵਿੰਡ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਹੋਏ ਤਕਰਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਾਣਾ ਮੰਡੀ ਖਾਲੜਾ ਦੇ ਪ੍ਰਧਾਨ ਸੁਖਰਾਜ ਸਿੰਘ ਬੀ.ਏ. ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਬਲਾਕ ਸੰਮਤੀ ਭਿੱਖੀਵਿੰਡ ਦੀਆਂ ਚੋਣਾਂ ਲੜਨ ਤੋਂ ਭੱਜ ਰਹੇ ਹਨ ਅਤੇ ਨਾਮਜ਼ਰਗੀ ਪੱਤਰ ਨਾ ਦਾਖਲ ਹੋਣ ਦਾ ਝੂਠਾ ਦਾਅਵਾ ਕਰਕੇ ਚੋਣਾਂ ਦਾ ਬਾਈਕਾਟ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਹੁੱਲ੍ਹੜਬਾਜੀ ਕਰਨ ਦੀ ਜਗ੍ਹਾ ਜਿੰਨਾ ਉਮੀਦਵਾਰਾਂ ਨੇ ਚੋਣ ਲੜਨੀ ਹੈ, ਉਨ੍ਹਾਂ ਦੀਆਂ ਫਾਈਲਾਂ ਲਿਆ ਕੇ ਜਮ੍ਹਾ ਕਰਵਾਓ, ਨਾ ਕਿ ਖਾਲੀ ਫਾਈਲਾਂ ਫੜ ਕੇ ਹੁੱਲੜ੍ਹਬਾਜੀ ਕਰੋ | ਉਨ੍ਹਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਨਾਲ ਉਸ ਨੂੰ ਫਾਈਲਾਂ ਜਮ੍ਹਾਂ ਕਰਵਾਉਣ ਤੋਂ ਨਹੀਂ ਰੋਕਿਆ ਜਾ ਰਿਹਾ | ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਰਲ ਕੇ ਭਿੱਖੀਵਿੰਡ ਚੌਂਕ ਵਿਚ ਧਰਨਾ ਦੇਣ ਨੂੰ ਲੈ ਕੇ ਕਿਹਾ ਕਿ ਇਹ ਦੋਵੇਂ ਆਪਸ ਵਿਚ ਰਲੀਆਂ ਹੋਈਆਂ ਪਾਰਟੀਆਂ ਹਨ ਅਤੇ ਇਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਦਾ ਕੋਈ ਲੋਕ ਅਧਾਰ ਬਾਕੀ ਨਹੀਂ ਬਚਿਆ | ਇਸ ਮੌਕੇ ਚਮਕੌਰ ਸਿੰਘ ਸਰਪੰਚ ਬੈਂਕਾ, ਦਿਲਬਾਗ ਸਿੰਘ ਸਰਪੰਚ, ਭਗਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |