ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਦੀ ਸ਼ਾਖਾ ਤਰਨ ਤਾਰਨ ਵਲੋਂ ਇਕ ਪਟਵਾਰੀ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਸ਼ਾਖਾ ਤਰਨ ਤਾਰਨ ਦੇ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਕਾਹਨ ਸਿੰਘ ਨਿਵਾਸੀ ਅੰਮਿ੍ਤਸਰ ਵਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ ਪਿੰਡ ਬਾਲੇਚੱਕ ਵਿਖੇ 7 ਕਨਾਲ 4 ਮਰਲੇ ਦੇ ਕਰੀਬ ਜ਼ਮੀਨ ਹੈ | ਇਸ ਜ਼ਮੀਨ ਦਾ ਇੰਤਕਾਲ ਦਰੁਸਤ ਕਰਵਾਉਣ ਲਈ ਪਟਵਾਰੀ ਸਰਬਜੀਤ ਸਿੰਘ ਵਾਸੀ ਤਰਨ ਤਾਰਨ, ਜੋ ਪਟਵਾਰੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ, ਨੇ 1 ਲੱਖ ਰੁਪਏ ਰਿਸ਼ਵਤ ਮੰਗੀ | ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਟਰੈਪ ਲਗਾਉਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਟਵਾਰੀ ਵਲੋਂ ਮੁਦਈ ਨਾਲ ਬਾਅਦ 'ਚ 30 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ, ਜਿਸ ਦੇ ਸੰਬੰਧ ਵਿਚ 5 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਗਏ | ਵੀਰਵਾਰ ਨੂੰ ਤਹਿਸੀਲ ਕੰਪਲੈਕਸ ਤਰਨ ਤਾਰਨ ਵਿਖੇ ਟ੍ਰੈਪ ਲਗਾਉਂਦੇ ਹੋਏ ਪਟਵਾਰੀ ਸਰਬਜੀਤ ਸਿੰਘ ਨੂੰ ਉਨ੍ਹਾਂ ਦੇ ਸਰਕਾਰੀ ਕੈਬਿਨ 'ਚੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ | ਇਸ ਸੰਬੰਧੀ ਥਾਣਾ ਵਿਜੀਲੈਂਸ ਅੰਮਿ੍ਤਸਰ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |