ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਵਿਸ਼ੇਸ਼ ਨਗਰ ਕੀਰਤਨ ਦਾ ਮਿਤੀ 21 ਨਵੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕਰਨ ਅਤੇ ਦਰਸ਼ਨਾਂ ਲਈ ਹੁੰਮ-ਹੁੰਮਾ ਕੇ ਪਹੁੰਚਣ | ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਤਰਨ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਹੈ, ਜੋ ਅੰਮਿ੍ਤਸਰ ਜ਼ਿਲ੍ਹੇ ਰਾਹੀਂ ਹੁੰਦਾ ਹੋਇਆ ਮਿਤੀ 21 ਨਵੰਬਰ ਨੂੰ ਸਵੇਰੇ 9:30 ਵਜੇ ਦੇ ਕਰੀਬ ਪਿੰਡ ਖ਼ੈਰਦੀਨ ਰਾਹੀਂ ਜ਼ਿਲ੍ਹਾ ਤਰਨ ਤਾਰਨ ਵਿਚ ਦਾਖ਼ਲ ਹੋਵੇਗਾ | ਉਨ੍ਹਾਂ ਕਿਹਾ ਕਿ ਪਿੰਡ ਖ਼ੈਰਦੀਨ ਵਿਖੇ ਸੰਗਤਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਹੁੰਦਾ ਹੋਇਆ ਝਬਾਲ ਚੌਂਕ, ਨੂਰਦੀ, ਤਰਨ ਤਾਰਨ-ਅੰਮਿ੍ਤਸਰ ਬਾਈਪਾਸ ਚੌਂਕ, ਤਰਨ ਤਾਰਨ ਸ਼ਹਿਰ, ਟੀ-ਪੁਆਇੰਟ ਨੇੜੇ੍ਹ ਮਾਝਾ ਕਾਲਜ, ਗੋਇੰਦਵਾਲ ਬਾਈਪਾਸ ਤਰਨ ਤਾਰਨ, ਵੇਈਾ-ਪੂਈਾ ਮੋੜ, ਖ਼ਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਹੁੰਦਾ ਹੋਇਆ ਜ਼ਿਲ੍ਹਾ ਕਪੂਰਥਲਾ ਵਿਚ ਦਾਖ਼ਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ 22 ਨਵੰਬਰ ਨੂੰ ਇਸ ਨਗਰ ਕੀਰਤਨ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤੀ ਹੋਵੇਗੀ | ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਆਪਣੇ ਇਲਾਕੇ ਵਿਚ ਪਾਵਨ ਨਗਰ ਕੀਰਤਨ ਦੇ ਦਰਸ਼ਨਾਂ ਨੂੰ ਪਹੁੰਚਣ |