ਤਰਨ ਤਾਰਨ, 19 ਨਵੰਬਰ (ਹਰਿੰਦਰ ਸਿੰਘ)-ਬੀਤੇ ਦਿਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਚੰਡੀਗੜ੍ਹ ਇਕਾਈ ਦੀ ਆਗੂ ਅਤੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਸੰਘੀ ਗਰੋਹ ਵਲੋਂ ਅਣਪਛਾਤੇ ਫੋਨ ਤੋਂ ਧਮਕੀਆਂ ਦਿੱਤੀਆਂ ਗਈਆਂ ਤੇ ਗਾਲ੍ਹਾਂ ਕੱਢਦਿਆਂ, ਪਾਕਿਸਤਾਨੀ ਏਜੰਟ ਕਹਿ ਕੇ ਦੇਸ਼ ਛੱਡ ਜਾਣ ਦੇ ਫ਼ਰਮਾਨ ਜਾਰੀ ਕੀਤੇ ਗਏ ਹਨ | ਆਰ.ਐਸ.ਐਸ. ਦੀ ਇਹ ਗੁੰਡਾਗਰਦੀ ਅਤੇ ਅਭੱਦਰ ਭਾਸ਼ਾ ਦਾ ਵਿਉਹਾਰ ਕਦੇ ਵੀ ਬਰਦਾਸ਼ਤ ਕਰਨ ਯੋਗ ਨਹੀਂ | ਤਰਨ ਤਾਰਨ ਜ਼ਿਲ੍ਹੇ ਦੀ ਇਕਾਈ ਦੇ ਪ੍ਰਧਾਨ ਨਰਭਿੰਦਰ, ਸਕੱਤਰ ਕਸ਼ਮੀਰ ਸਿੰਘ ਚੋਹਲਾ ਸਾਹਿਬ, ਮੈਂਬਰ ਮਾ. ਨਛੱਤਰ ਸਿੰਘ, ਪ੍ਰੈਸ ਸਕੱਤਰ ਤਰਸੇਮ ਸਿੰਘ ਲਾਲੂ ਘੁੰਮਣ, ਮਾ. ਕੁਲਵੰਤ ਸਿੰਘ ਤਰਕਸ਼ੀਲ ਆਗੂ ਰਾਜਵੰਤ ਸਿੰਘ ਬਾਗੜੀਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਡਵੋਕੇਟ ਅਮਨਦੀਪ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਬਹਾਲੀ ਲਈ ਅਤੇ ਪੰਜਾਬ ਦੇ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਜੋ ਆਵਾਜ਼ ਉਠਾਈ ਅਤੇ ਆਰ.ਐਸ.ਐਸ. ਦੇ ਵਿਦਿਅਕ ਅਦਾਰਿਆਂ ਅੰਦਰ ਜਮਹੂਰੀ ਢਾਂਚੇ ਨੂੰ ਭੰਗ ਕਰਕੇ ਉਨ੍ਹਾਂ ਨੂੰ ਕੇਂਦਰੀ ਪ੍ਰਬੰਧ ਹੇਠ ਨੱਥੀ ਕਰਨ ਦੀਆਂ ਚਾਲਾਂ ਨੂੰ ਬੇਪਰਦ ਕੀਤਾ | ਉਸ ਤੋਂ ਖ਼ਫ਼ਾ ਸੰਘੀ ਲਾਣੇ ਨੇ ਉਸ ਨੂੰ ਅਗਿਆਤ ਫੋਨ ਰਾਹੀਂ ਜੋ ਧਮਕਾਉਣ, ਡਰਾਉਣ ਤੇ ਦਹਿਸ਼ਤਜ਼ਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ | ਇਹ ਗੁੰਡਾਗਰਦੀ ਕਦੇ ਵੀ ਬਰਦਾਸ਼ਿਤ ਕਰਨ ਯੋਗ ਨਹੀਂ | ਇਹ ਵਿਅਕਤੀ ਦੇ ਵਿਚਾਰਾਂ ਦੇ ਪ੍ਰਗਟਾਅ ਦੇ ਅਧਿਕਾਰ ਅਤੇ ਔਰਤਾਂ ਦੇ ਸਵੈ ਮਾਣ 'ਤੇ ਇਕ ਹਮਲਾ ਹੈ | ਅਮਨਦੀਪ ਕੌਰ ਨੇ ਕੇਂਦਰ ਸਰਕਾਰ ਦੇ ਉਸ ਨੋਟੀਫਿਕੇਸ਼ਨ ਬਾਰੇ ਆਪਣੇ ਵਿਚਾਰ ਰੱਖੇ ਹਨ, ਜਿਸ ਵਿਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਇਹ ਆਲੋਚਨਾ ਕਰਨਾ ਅਤੇ ਇਸ ਤਾਨਾਸ਼ਾਹ ਕਦਮ ਵਿਰੁੱਧ ਆਵਾਜ਼ ਉਠਾਉਣਾ ਹਰ ਜਮਹੂਰੀ ਵਿਅਕਤੀ ਦਾ ਅਧਿਕਾਰ ਹੈ | ਸਭਾ ਦੇ ਆਗੂਆਂ ਨੇ ਪੰਜਾਬ ਦੀਆਂ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਹਰਕਤ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਅਜਿਹੇ ਅਗਿਆਤ ਫੋਨ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਉੱਤੇ ਦਬਾਅ ਬਣਾਉਣਾ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਇਕਾਈ ਵਲੋਂ ਕੱਲ੍ਹ ਇਕ ਮੰਗ ਪੱਤਰ ਦਿੱਤਾ ਜਾਵੇਗਾ |