ਤਰਨ ਤਾਰਨ, 19 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ 'ਚ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਗੰਭੀਰ ਬਣਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸ਼ਹਿਰ ਵਿਚ ਟ੍ਰੈਫਿਕ ਦਾ ਵੱਡਾ ਜਾਮ ਲੱਗ ਜਾਂਦਾ ਹੈ, ਜੋ ਕਿ ਕਈ-ਕਈ ਚਿਰ ਲੱਗਾ ਰਹਿੰਦਾ ਹੈ ਅਤੇ ਲੋਕ ਟ੍ਰੈਫਿਕ ਜਾਮ ਵਿਚ ਫਸੇ ਰਹਿੰਦੇ ਹਨ, ਜਿਸ ਕਾਰਨ ਡਿਊਟੀ ਤੇ ਜਾਣ ਵਾਲੇ ਲੋਕ, ਦੁਕਾਨਾਂ ਅਤੇ ਸਕੂਲ ਜਾਣ ਸਮੇਂ ਬੱਚਿਆਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਅਤੇ ਉਹ ਕਾਫੀ ਲੇਟ ਹੋ ਜਾਂਦੇ ਹਨ, ਪ੍ਰੰਤੂ ਤਰਨ ਤਾਰਨ ਸ਼ਹਿਰ ਦੀ ਟ੍ਰੈਫਿਕ ਪੁਲਿਸ ਸਿਰਫ ਲੋਕਾਂ ਦੇ ਚਲਾਨ ਕੱਟਣ ਤੱਕ ਸੀਮਿਤ ਹੋ ਕੇ ਰਹਿ ਗਈ ਹੈ | ਤਰਨ ਤਾਰਨ ਸ਼ਹਿਰ ਨੂੰ ਆਉਂਦੇ ਅੰਮਿ੍ਤਸਰ ਰੋਡ ਤੋਂ ਲੈ ਕੇ ਗੁਰਦੁਆਰਾ ਟੱਕਰ ਸਾਹਿਬ ਫਾਟਕ ਵਾਲੀ ਸੜਕ ਤੱਕ ਵਾਹਨਾਂ ਦਾ ਵੱਡਾ ਜਾਮ ਲੱਗਾ ਰਹਿੰਦਾ ਹੈ ਅਤੇ ਲੋਕ ਘੰਟਿਆਂਬੰਧੀ ਜਾਮ ਵਿਚ ਫਸੇ ਰਹਿੰਦੇ ਹਨ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੱਕਾ ਕੰਡਿਆਲਾ ਦੇ ਰੇਲਵੇ ਫਾਟਕ ਉਪਰ ਪੁਲ ਬਣਨ ਕਾਰਨ ਵੱਡੇ ਵਾਹਨ ਜਿਨ੍ਹਾਂ ਉਪਰ ਭਾਰੀ ਸਮਾਨ ਲੱਦਿਆ ਹੁੰਦਾ ਹੈ, ਜੋ ਕਿ ਬਹੁਤ ਹੀ ਤੇਜ ਰਫ਼ਤਾਰ ਹੁੰਦੇ ਹਨ, ਉਹ ਵੀ ਸ਼ਹਿਰ ਵਿਚੋਂ ਦੀ ਹੋ ਕੇ ਗੁਜਰਦੇ ਹਨ, ਜਿਸ ਕਾਰਨ ਅਕਸਰ ਹੀ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਉਥੇ ਸੜਕਾਂ ਦੀ ਵੀ ਭਾਰੀ ਵਾਹਨਾਂ ਦੇ ਲੰਘਣ ਕਾਰਨ ਟੁੱਟ ਭੱਜ ਹੋ ਰਹੀ ਹੈ | ਪ੍ਰਾਈਵੇਟ ਮਿੰਨੀ ਬੱਸਾਂ ਅਤੇ ਸਰਕਾਰੀ ਬੱਸਾਂ ਵੀ ਸ਼ਹਿਰ ਵਿਚੋਂ ਲੰਘਦੀਆਂ ਹਨ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਰਸਤਾ ਜਾਮ ਹੋਣ ਕਾਰਨ ਵਾਹਨਾਂ ਦਾ ਲੰਮਾ ਜਾਮ ਲੱਗ ਜਾਂਦਾ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ, ਉਥੇ ਤਰਨ ਤਾਰਨ ਸ਼ਹਿਰ ਇਤਿਹਾਸਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ ਹੋਣ ਕਾਰਨ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਆਉਂਦੀਆਂ ਹਨ, ਜੋ ਟ੍ਰੈਫਿਕ ਜਾਮ ਵਿਚ ਫਸ ਜਾਂਦੀਆਂ ਹਨ ਅਤੇ ਪ੍ਰੇਸ਼ਾਨ ਹੁੰਦੀਆਂ ਹਨ | ਸ਼ਹਿਰ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੀ ਟ੍ਰੈਫਿਕ ਵਿਸਵਥਾ ਰੱਬ ਆਸਰੇ ਚੱਲ ਰਹੀ ਹੈ ਕਿਉਂਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਉਪਰ ਅਕਸਰ ਵੱਡੇ ਵੱਡੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਹਨ, ਜਿਸ ਕਾਰਨ ਜਿਥੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ, ਉਥੇ ਬਾਹਰੋਂ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਟ੍ਰੈਫਿਕ ਜਾਮ ਕਾਰਨ ਸ਼ਹਿਰ ਦੇ ਇਕ ਕੋਨੇ ਵਿਚੋਂ ਦੂਸਰੇ ਕੋਨੇ ਵਿਚ ਜਾਣ ਸਮੇਂ ਘੰਟਿਆਂਬੰਧੀ ਸਮਾਂ ਵੀ ਲੱਗ ਜਾਂਦਾ ਹੈ, ਉਥੇ ਟ੍ਰੈਫਿਕ ਜਾਮ ਵਿਚੋਂ ਲੋਕ ਕਾਹਲੀ ਨਾਲ ਨਿਕਲਣ ਸਮੇਂ ਇਕ ਦੂਸਰੇ ਨਾਲ ਵੀ ਟਕਰਾ ਜਾਂਦੇ ਹਨ, ਜਿਸ ਕਾਰਨ ਅਕਸਰ ਹੀ ਲੋਕਾਂ ਵਿਚ ਆਪਸੀ ਝਗੜੇ ਹੁੰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਸੜਕਾਂ ਉਪਰ ਨਾਜਾਇਜ਼ ਕਬਜੇ ਵੀ ਹਨ, ਉਥੇ ਬਿਨਾਂ ਪਾਰਕਿੰਗ ਲੋਕਾਂ ਵਲੋਂ ਸੜਕਾਂ ਉਪਰ ਖੜੀਆਂ ਕੀਤੀਆਂ ਜਾ ਰਹੀਆਂ ਗੱਡੀਆਂ ਹਨ, ਜਿਸ ਕਾਰਨ ਟ੍ਰੈਫਿਕ ਦੇ ਜਾਮ ਲੱਗ ਰਹੇ ਹਨ ਪ੍ਰੰਤੂ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ | ਸ਼ਹਿਰ ਨਿਵਾਸੀਆਂ ਵਲੋਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਤੇ ਟ੍ਰੈਫਿਕ ਇੰਚਾਰਜ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਅਤੇ ਲੱਗਦੇ ਰੋਜਾਨਾਂ ਦੇ ਜਾਮਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾਵੇ, ਉਥੇ ਸ਼ਹਿਰ ਵਿਚੋਂ ਗੁਜਰਦੇ ਵੱਡੇ ਵਾਹਨਾਂ ਦੀ ਐਂਟਰੀ ਉਪਰ ਰੋਕ ਲਗਾ ਕੇ ਉਨ੍ਹਾਂ ਦੇ ਰਸਤੇ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ |