29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਜ਼ਿਮਨੀ ਚੋਣ ਤੋਂ ਪਹਿਲਾਂ ਪੁਲਿਸ ਨੇ ਅਕਾਲੀ ਆਗੂ ਘਰਾਂ ਤੋਂ ਚੁੱਕੇ <br/>

ਤਰਨ ਤਾਰਨ ਦਾਣਾ ਮੰਡੀ ਵਿਖੇ ਅਕਾਲੀ ਆਗੂਆਂ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਦਿੱਤੇ ਧਰਨੇ 'ਤੇ ਬੈਠੇ ਹੀਰਾ ਸਿੰਘ ਗਾਬੜੀਆ, ਐਨ.ਕੇ. ਸ਼ਰਮਾ, ਕੰਚਨਪ੍ਰੀਤ ਕੌਰ, ਵਿਜੇਪਾਲ ਚੌਧਰੀ ਤੇ ਹੋਰ ਆਗੂ | ਤਸਵੀਰਾਂ:ਮਨਜੀਤ ਸਿੰਘ <br/> 08-11-2025
ਤਰਨ ਤਾਰਨ/ਝਬਾਲ, 7 ਨਵੰਬਰ (ਹਰਿੰਦਰ ਸਿੰਘ, ਸੁਖਦੇਵ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਪੁਲਿਸ ਨੇ ਤੜਕਸਾਰ ਅਕਾਲੀ ਆਗੂਆਂ ਤੇ ਵਰਕਰਾਂ ਦੇ ਘਰਾਂ 'ਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ | ਸ਼ੁੱਕਰਵਾਰ ਨੂੰ ਤੜਕਸਾਰ ਪੁਲਿਸ ਨੇ ਅਕਾਲੀ ਆਗੂ ਤੇ ਪਿੰਡ ਦੋਦੇ ਦੇ ਸਰਪੰਚ ਸੋਨੂੰ ਬਰਾੜ, ਤਰਨ ਤਾਰਨ ਤੋਂ ਅਕਾਲੀ ਦਲ ਦੇ ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ, ਪਿੰਡ ਭੁੱਚਰ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਤੇ ਅਕਾਲੀ ਆਗੂ ਅਜਮੇਰ ਸਿੰਘ ਕਾਕਾ ਛਾਪਾ ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਗਿ੍ਫ਼ਤਾਰ ਕਰ ਲਿਆ | ਪਤਾ ਚੱਲਿਆ ਹੈ ਕਿ ਉਕਤ ਅਕਾਲੀ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਤਰਨ ਤਾਰਨ, ਅੰਮਿ੍ਤਸਰ, ਪਟਿਆਲਾ, ਮੋਗਾ ਜ਼ਿਲਿ੍ਹਆਂ ਦੀ ਪੁਲਿਸ ਹਵਾਲੇ ਕੀਤਾ ਗਿਆ ਹੈ | ਚੋਣਾਂ ਤੋਂ ਕੁਝ ਦਿਨਾਂ ਪਹਿਲਾਂ ਹੀ ਪੁਲਿਸ ਵਲੋਂ ਸ਼ੁਰੂ ਕੀਤੀਆਂ ਗਈਆਂ ਅਕਾਲੀ ਆਗੂਆਂ ਦੀ ਗਿ੍ਫ਼ਤਾਰੀਆਂ ਦੀ ਭਿਣਕ ਮਿਲਦਿਆਂ ਹੀ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸੀਨੀਅਰ ਅਕਾਲੀ ਆਗੂ, ਜੋ ਕਿ ਮੋਹਰੀ ਬਣ ਕੇ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਸਨ, ਆਪਣੇ ਘਰੋਂ ਤੋਂ ਗਾਇਬ ਹੋ ਗਏ | ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂ ਤਰਨ ਤਾਰਨ ਚੋਣ ਲਈ ਨਿਯੁਕਤ ਕੀਤੇ ਗਏ ਚੋਣ ਅਬਜਰਵਰ ਨੂੰ ਮਿਲੇ ਅਤੇ ਲਿਖਤੀ ਤੌਰ 'ਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ | ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੀਵੇਂ ਪੱਧਰ 'ਤੇ ਉਤਰ ਆਈ ਹੈ, ਜਿਸ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਅਕਾਲੀ ਦਲ ਜਿੱਤ ਰਿਹਾ ਹੈ | ਆਪਣੀ ਹਾਰ ਨੂੰ ਦੇਖਦਿਆਂ ਸਰਕਾਰ ਵਲੋਂ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਨੂੰ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ ਨੂੰ ਬਟਾਲਾ ਪੁਲਿਸ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ ਨੂੰ ਅੰਮਿ੍ਤਸਰ ਪੁਲਿਸ, ਸਰਪੰਚ ਸੋਨੂੰ ਬਰਾੜ ਨੂੰ ਮੋਗਾ ਪੁਲਿਸ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੂੰ ਤਰਨ ਤਾਰਨ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਦਕਿ ਇਕ ਹੋਰ ਅਕਾਲੀ ਆਗੂ ਰਘੂ ਓਹਰੀ ਦੇ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ | ਉਨ੍ਹਾਂ ਕਿਹਾ ਕਿ ਤਰਨ ਤਾਰਨ ਐੱਸ.ਐੱਸ.ਪੀ. ਸਰਕਾਰੀ ਸ਼ਹਿ 'ਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਪਰ ਹਰ ਚੀਜ ਦਾ ਹਿਸਾਬ ਦੇਣਾ ਪਵੇਗਾ | ਉਨ੍ਹਾਂ ਕਿਹਾ ਕਿ ਪੁਲਿਸ ਦਾ ਏਡਾ ਵੱਡਾ ਧੱਕਾ ਉਨ੍ਹਾਂ ਅਜੇ ਤੱਕ ਨਹੀਂ ਦੇਖਿਆ | ਪੰਜਾਬ ਦੇ ਸਾਰੇ ਮਹਿਕਮਿਆਂ ਦੇ ਅਧਿਕਾਰੀ ਤਰਨ ਤਾਰਨ ਆ ਕੇ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਉਨ੍ਹਾਂ ਅਫਸਰਾਂ ਨੂੰ ਕਿਹਾ ਕਿ ਸਾਰਾ ਰਿਕਾਰਡ ਸਾਂਭਿਆ ਜਾ ਰਿਹਾ ਹੈ, ਧੱਕੇਸ਼ਾਹੀ ਕਰਨ ਵਾਲੇ ਨੂੰ ਆਉਣ ਵਾਲੇ ਸਮੇਂ ਵਿਚ ਕੋਈ ਬਚਾਅ ਨਹੀਂ ਸਕੇਗਾ | ਦੂਸਰੀ ਤਰਫ਼ ਤਰਨ ਤਾਰਨ ਵਿਖੇ ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ ਨੂੰ ਗਿ੍ਫ਼ਤਾਰ ਕੀਤੇ ਜਾਣ ਦੇ ਵਿਰੋਧ 'ਚ ਅਤੇ ਪੱਕਾ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਵਿਜੇਪਾਲ ਚੌਧਰੀ ਦੀ ਆੜ੍ਹਤ ਦਾ ਰਿਕਾਰਡ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਚੁੱਕਣ ਦੇ ਰੋਸ ਵਜੋਂ ਦਾਣਾ ਮੰਡੀ ਤਰਨ ਤਾਰਨ ਵਿਖੇ ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਆਪਣਾ ਕੰਮਕਾਜ ਠੱਪ ਰੱਖਿਆ ਗਿਆ | ਧਰਨੇ ਵਿਚ ਪਹੁੰਚੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਐੱਨ.ਕੇ ਸ਼ਰਮਾ, ਕੰਚਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਤਰਨ ਤਾਰਨ ਹਲਕੇ ਦੇ ਲੋਕ ਇਸ ਧੱਕੇਸ਼ਾਹੀ ਦੇ ਵਿਰੋਧ ਵਿਚ ਆਪਣੀ ਵੋਟ ਦੇ ਇਸਤੇਮਾਲ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾ ਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ |

ਪਿਛਲੀ ਖ਼ਬਰ ਭਾਜਪਾ ਹੀ ਪੰਜਾਬ ਵਿਚ ਖੁਸ਼ਹਾਲੀ ਤੇ ਤਰੱਕੀ ਲਿਆ ਸਕਦੀ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਤਰਨ ਤਾਰਨ ਹਲਕੇ ਦੇ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ- ਮੁੱਖ ਮੰਤਰੀ ਭਗਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।