ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਤਰਨ ਤਾਰਨ ਹਲਕੇ 'ਚ ਕੱਢਿਆ ਗਿਆ ਸ਼ਾਨਦਾਰ ਰੋਡ ਸ਼ੋਅ, ਜਿੱਥੇ ਇਕ ਪਾਸੇ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ, ਉਥੇ ਦੂਜੇ ਪਾਸੇ ਵਿਰੋਧੀਆਂ ਦੀਆਂ ਨੀਂਦਾਂ ਉਡ ਗਈਆਂ | ਹਰ ਗਲੀ, ਹਰ ਚੌਰਾਹੇ 'ਤੇ ਲੋਕਾਂ ਨੇ ਗੱਡੀਆਂ ਰੋਕ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਆਗੂਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਤੇ ਨਾਅਰੇਬਾਜ਼ੀ ਨਾਲ ਪੰਥਕ ਏਕਤਾ ਦਾ ਸੁਨੇਹਾ ਦਿੱਤਾ | ਇਸ ਰੋਡ ਸ਼ੋਅ ਦੀ ਅਗਵਾਈ ਬਾਪੂ ਤਰਸੇਮ ਸਿੰਘ ਨੇ ਹਲਕਾ ਤਰਨ ਤਾਰਨ ਤੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਨਾਲ ਮਿਲ ਕੇ ਕੀਤੀ | ਰੋਡ ਸ਼ੋਅ ਦੇ ਦੌਰਾਨ ਪ੍ਰਚਾਰ ਵਿਚ ਮੁੱਖ ਤੌਰ 'ਤੇ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਭਾਈ ਮਨਦੀਪ ਸਿੰਘ (ਭਰਾਤਾ ਸ਼ਹੀਦ ਭਾਈ ਦੀਪ ਸਿੱਧੂ), ਨਵਜੋਤ ਕੌਰ ਲੰਬੀ, ਜਸਕਰਨ ਸਿੰਘ ਰਿਆੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਦਇਆ ਸਿੰਘ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਸਰਪੰਚ ਬਲਜੀਤ ਸਿੰਘ, ਭਾਈ ਸੰਦੀਪ ਸਿੰਘ ਰੁਪਾਲੋਂ, ਨਿਰਵੈਰ ਸਿੰਘ ਖਾਲਸਾ, ਭਾਈ ਮਨਜਿੰਦਰ ਸਿੰਘ ਕਲੇਰ, ਭਾਈ ਜੁਗਰਾਜ ਸਿੰਘ ਭੰਗਵਾਂ ਅਤੇ ਹੋਰ ਕਈ ਪ੍ਰਮੁੱਖ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ | ਲੋਕਾਂ ਵਲੋਂ ਹਰ ਥਾਂ ਮੁੱਖ ਆਗੂਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਜਗ੍ਹਾ-ਜਗ੍ਹਾ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਹ ਕਾਫਲਾ ਲਗਪਗ 300 ਤੋਂ 400 ਕਾਰਾਂ ਦਾ ਸੀ, ਜੋ ਪੂਰੇ ਹਲਕੇ ਵਿਚ ਪੰਥਕ ਚੇਤਨਾ ਅਤੇ ਏਕਤਾ ਦਾ ਪ੍ਰਤੀਕ ਬਣਿਆ | ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਹੁਣ ਤਰਨ ਤਾਰਨ ਦੇ ਲੋਕਾਂ ਨੇ ਗਲੀਆਂ-ਨਾਲੀਆਂ ਅਤੇ ਝੂਠੇ ਵਿਕਾਸ ਦੇ ਵਾਅਦਿਆਂ ਤੋਂ ਤੰਗ ਆ ਕੇ ਆਪਣਾ ਰੁਖ ਪੰਥਕ ਸਿਆਸਤ ਵੱਲ ਮੋੜ ਲਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਚੋਣਾਂ ਜਿੱਤਣ ਲਈ ਨਹੀਂ, ਸਗੋਂ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਰੱਖਿਆ ਲਈ ਮੈਦਾਨ 'ਚ ਉਤਰੀ ਤਾਕਤ ਹੈ | ਭਾਈ ਮਨਦੀਪ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਰੋਡ ਸ਼ੋਅ ਲੋਕਾਂ ਦੀ ਜਾਗਰੂਕਤਾ ਦਾ ਪ੍ਰਤੀਕ ਹੈ ਅਤੇ ਹੁਣ ਪੰਥਕ ਲਹਿਰ ਰੁਕਣ ਵਾਲੀ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਪੰਥਕ ਸਿਧਾਂਤਾਂ 'ਤੇ ਚੱਲ ਕੇ ਨਵਾਂ ਇਤਿਹਾਸ ਲਿਖੇਗੀ | ਅੰਤ ਵਿਚ ਸਾਰੇ ਆਗੂਆਂ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਤਸ਼ਾਹ ਸਾਬਿਤ ਕਰਦਾ ਹੈ ਕਿ ਤਰਨ ਤਾਰਨ ਦੀ ਧਰਤੀ ਤੋਂ ਇਕ ਵਾਰ ਫਿਰ ਪੰਥਕ ਰਾਜਨੀਤੀ ਦਾ ਨਵਾਂ ਅਧਿਆਇ ਸ਼ੁਰੂ ਹੋ ਚੁੱਕਾ ਹੈ |