ਪੱਟੀ, 7 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਵਲੋਂ ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਸਭਰਾ ਵਿਖੇ ਪਰਾਲੀ ਦੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸਕੂਲ ਦੇ ਬੱਚਿਆਂ ਦੇ ਪਰਾਲੀ ਦੀ ਸੰਭਾਲ ਤੇ ਸੁਚੱਜੀ ਵਰਤੋਂ ਦੇ ਵਿਸ਼ੇ ਤੇ ਲੇਖ ਲਿਖਣਾ, ਪੋਸਟਰ ਬਣਾਉਣਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਕੈਂਪ ਵਿਚ ਡਾ. ਪ੍ਰਭਜੀਤ ਸਿੰਘ ਡਿਪਟੀ ਡਾਇਰੈਕਟਰ ਕੇ. ਵੀ. ਕੇ. ਨੇ ਬੱਚਿਆਂ ਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ | ਡਾ. ਨਵਜੋਤ ਸਿੰਘ ਬਰਾੜ ਨੇ ਪਰਾਲੀ ਦੇ ਖੇਤ ਵਿਚ ਪ੍ਰਬੰਧ ਲਈ ਵੱਖ-ਵੱਖ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੰੁ ਕਿਹਾ ਕਿ ੳਹ ਆਪਣੇ ਮਾਪਿਆਂ ਅਤੇ ਆਸ ਪਾਸ ਦੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ | ਇਸ ਕੈਂਪ ਵਿਚ ਲੇਖ ਲਿਖਣਾ, ਪੋਸਟਰ ਬਣਾਉਣਾ ਅਤੇ ਭਾਸ਼ਣ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੰੁੂ ਇਨਾਮ ਦਿੱਤੇ ਗਏ | ਬੱਚਿਆਂ ਨੂੰ ੁ ਇਸ ਮੁਕਾਬਲੇ ਲਈ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਗੁਰਜੋਤ ਸਿੰਘ ਨੇ ਕੇ. ਵੀ. ਕੇ. ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਪਰਾਲੀ ਸਾੜਨ ਦੀ ਇਸ ਸਮੱਸਿਆ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਚਾਹਿਦੀ ਹੈ ਤਾਂ ਜ਼ੋ ਇਸ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਵਾਤਾਵਰਣ ਨੂੰ ੁ ਪਲੀਤ ਹੋਣ ਤੋਂ ਬਚਾਇਆ ਜਾ ਸਕੇ | ਕੈਂਪ ਵਿਚ ਬੱਚਿਆਂ ਲਈ ਉਚ ਵਿਦਿਆ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਅਤੇੇ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਵਿਚ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਉੱਚ ਵਿਦਿਆ ਲਈ ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ |