ਝਬਾਲ, 7 ਨਵੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸਵਰਗੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਭਾਣਜੇ ਅਤੇ 'ਆਪ' ਦੇ ਸਰਗਰਮ ਨੌਜਵਾਨ ਨੇਤਾ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ 'ਆਪ' ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਮੂਲੀਅਤ ਕਰ ਲਈ | ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕਸਬਾ ਝਬਾਲ ਵਿਖੇ ਰੱਖੀ ਵਿਸ਼ਾਲ ਚੋਣ ਰੈਲੀ ਮੌਕੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਯਤਨਾਂ ਸਦਕਾ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ, ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਚਿੰਨ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਕਰਦਿਆਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਚੋਣ ਇੰਚਾਰਜ ਸੁਰਜੀਤ ਜਿਆਣੀ, ਉੱਪ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪ੍ਰਦੇਸ਼ ਪ੍ਰਧਾਨ ਐੱਸ.ਸੀ ਮੋਰਚਾ ਸੁੱਚਾ ਰਾਮ ਲੱਧੜ ਨੇ ਵੀ ਸੰਬੋਧਨ ਕੀਤਾ | ਚੋਣ ਰੈਲੀ ਵਿਚ ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਠੌਰ, ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ, ਪ੍ਰਦੇਸ਼ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਚੋਣ ਸਹਿ ਇੰਚਾਰਜ ਰਵੀ ਕਰਨ ਸਿੰਘ ਕਾਹਲੋਂ, ਅਭਿਨੇਤਾ ਹੌਬੀ ਧਾਲੀਵਾਲ, ਪ੍ਰਦੇਸ਼ ਸੈਕਟਰੀ ਸੂਰਜ ਭਾਰਦਵਾਜ, ਪ੍ਰਦੇਸ਼ ਸੈਕਟਰੀ ਭਾਨੂ ਪ੍ਰਤਾਪ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਪ੍ਰਧਾਨ ਅਮਰਪਾਲ ਸਿੰਘ ਬੋਨੀ, ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਮੌਜੂਦ ਸਨ | ਸ਼ਾਮਿਲ ਹੋਣ ਵਾਲੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਦੌਰਾਨ ਲਗਾਤਾਰ ਸਖ਼ਤ ਮਿਹਨਤ ਨਾਲ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਕੰਮ ਕੀਤਾ ਪਰੰਤੂ ਆਪ ਵਿਚ ਸਿਰਫ ਸਿਫਾਰਸ਼ ਅਤੇ ਪੈਸਾ ਦੇ ਸਿਰ 'ਤੇ ਰਾਜਨੀਤੀ ਚੱਲਦੀ ਹੈ, ਕੋਈ ਅਨੁਸਾਸ਼ਨ ਨਹੀਂ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਵੀ 'ਆਪ' ਵਲੋਂ ਪੂਰੇ ਨਹੀਂ ਕੀਤੇ ਗਏ, ਇਸ ਲਈ ਉਨਾਂ ਆਪਣੀ ਸੋਚ ਨੂੰ ਆਜ਼ਾਦ ਰੂਪ ਵਿਚ ਦੇਖਦੇ ਹੋਏ 'ਆਪ' ਨੂੰ ਛੱਡ ਕੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੀ ਭਾਜਪਾ ਵਿਚ ਸ਼ਮੂਲੀਅਤ ਕੀਤੀ ਹੈ |