ਤਰਨ ਤਾਰਨ, 20 ਜੁਲਾਈ (ਇਕਬਾਲ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ, ਜਿਸ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਵੈ ਰੋਜਗਾਰ ਅਪਨਾਉਣ ਲਈ ਬਿਜਨਸ ਬਲਾਸਟਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਦੀ ਅਗਵਾਈ ਵਿਚ ਕਰਵਾਈ ਗਈ ਇਸ ਟ੍ਰੇਨਿੰਗ ਵਿਚ ਜ਼ਿਲ੍ਹੇ ਦੇ ਸਾਰੇ 77 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਵਰ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਜੀਵਨ ਜਯੋਤੀ ਚਾਵਲਾ ਨੇ ਦੱਸਿਆ ਕਿ ਇਸ ਕੜੀ ਤਹਿਤ ਸਮੂਹ ਪਿ੍ੰਸੀਪਲ ਦੀ ਬਲਾਕ ਵਾਈਜ 9 ਵੱਖ ਸਥਾਨਾਂ ਤੇ ਬਿਜਨਸ ਬਲਾਸਟਰ ਉਰੀਐਂਟੇਸ਼ਨ ਕਰਵਾਈ ਗਈ | ਜ਼ਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਇੰਤਜਾਰ ਕਰਨ ਦੀ ਬਜਾਏ ਬਿਜਨਸ ਨੂੰ ਅਪਨਾਉਣਾ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ 2 ਫੇਜਾਂ ਵਿਚ ਚੱਲੇਗਾ, ਪਹਿਲੇ ਫੇਜ ਤਹਿਤ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰਜਿਸਟਰਡ ਕਰਨ ਤੋਂ ਬਾਅਦ ਉਨ੍ਹਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਮਾਰਕੀਟ ਸਰਵੇ੍ਹ ਆਦਿ ਕੀਤੇ ਜਾਣਗੇ ਅਤੇ ਦੂਸਰੇ ਫੇਜ ਵਿਚ 12ਵੀਂ ਜਮਾਤ ਦੇ ਇਨਾਂ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਸੀਡ ਮਨੀ ਜਾਰੀ ਕੀਤੀ ਜਾਵੇਗੀ | ਇਸ ਮੌਕੇ ਪਿ੍ੰਸੀਪਲ ਗੁਰਦੀਪ ਸਿੰਘ ਨੇ ਵੀ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਸ ਨਾਲ ਵਿਦਿਆਰਥੀਆਂ ਆਪਣੇ ਆਪ ਵਿਚ ਕੋਈ ਵੀ ਬਿਜਨਸ ਕਰਨ ਦੇ ਸਮਰੱਥ ਹੋ ਜਾਣਗੇ | ਇਸ ਮੌਕੇ ਪਿ੍ੰਸੀਪਲ ਵਿਨੇ ਕੁਮਾਰ, ਰਵਿੰਦਰ ਕੌਰ, ਵਰਿੰਦਰ ਕੌਰ, ਪੁਸ਼ਪਿੰਦਰ ਕੌਰ, ਅਰਵਿੰਦਰ ਸਿੰਘ, ਡਿੰਪਲ ਅਗਰਵਾਲ, ਗੀਤਾਂਜਲੀ ਤੋਂ ਇਲਾਵਾ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਸਕੂਲਾਂ ਦੇ ਪਿ੍ੰਸੀਪਲ ਵੀ ਹਾਜ਼ਰ ਸਨ |