ਤਰਨ ਤਾਰਨ, 19 ਜੁਲਾਈ (ਪਰਮਜੀਤ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 'ਆਪ' ਵਿਧਾਇਕ ਅਨਮੋਲ ਗਗਨ ਮਾਨ ਵਲੋਂ ਦਿੱਤੇ ਗਏ ਅਸਤੀਫ਼ੇ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਅਤੇ ਜਿੰਮੇਵਾਰੀ ਤੋਂ ਭੱਜਣ ਦੀ ਕਾਰਵਾਈ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਬਟੋਰੀਆਂ ਸਨ, ਅੱਜ ਉਹੀ ਆਗੂ ਆਪਣੀ ਸਰਕਾਰ ਦੀ ਨਾਕਾਮੀ ਨੂੰ ਦੇਖ ਕੇ ਅਸਤੀਫ਼ੇ ਦੇ ਕੇ ਪਾਸਾ ਵੱਟ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਅਸਤੀਫ਼ਾ ਸਿਰਫ਼ ਇਕ ਵਿਧਾਇਕ ਦਾ ਨਹੀਂ, ਸਗੋਂ ਪੂਰੀ 'ਆਪ' ਸਰਕਾਰ ਦੀ ਸਮੂਹਿਕ ਨਾਕਾਮੀ ਦਾ ਪ੍ਰਤੀਕ ਹੈ | ਭਗਵੰਤ ਮਾਨ ਸਰਕਾਰ ਹਰ ਫ਼ਰੰਟ 'ਤੇ ਫੇਲ੍ਹ ਸਾਬਤ ਹੋਈ ਹੈ, ਭਾਵੇਂ ਉਹ ਕਿਸਾਨਾਂ ਦਾ ਮੁੱਦਾ ਹੋਵੇ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ, ਜਾਂ ਅਮਨ-ਕਾਨੂੰਨ ਦੀ ਸਥਿਤੀ ਹੋਵੇ | ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਇਨ੍ਹਾਂ ਝੂਠੇ ਵਾਅਦਿਆਂ ਦਾ ਹਿਸਾਬ ਲੈ ਕੇ ਰਹੇਗਾ |