ਝਬਾਲ, 17 ਜੁਲਾਈ (ਸੁਖਦੇਵ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਕਰਨਬੀਰ ਸਿੰਘ ਬੁਰਜ ਨੂੰ ਹਲਕਾ ਖਡੂਰ ਸਾਹਿਬ ਦਾ ਕੁਆਰਡੀਨੇਟਰ ਨਿਯੁਕਤ ਕਰਨ 'ਤੇ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਸਮੇਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਤਰਨ ਤਾਰਨ ਅੰਦਰ ਉਨ੍ਹਾਂ ਦੇ ਪਿਤਾ ਮਰਹੂਮ ਜਸਬੀਰ ਸਿੰਘ ਬੁਰਜ ਵਲੋਂ ਆਰੰਭੇ ਲੋਕ ਭਲਾਈ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ | ਹਲਕਾ ਤਰਨ ਤਾਰਨ ਅੰਦਰ ਸੌਬਰ ਤੇ ਸਾਫ ਸੁਥਰੀ ਰਾਜਨੀਤੀ ਦੀ ਪਿਰਤ ਪਾ ਰਹੇ ਕਰਨਬੀਰ ਬੁਰਜ ਨੇ ਕਿਹਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਘਰ ਦੇ ਬਾਹਰ ਅਖਾੜਾ ਬਣਾ ਕੇ ਕੇ ਰੋਜ਼ਾਨਾ ਨੌਜਾਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਜੇਕਰ ਕਾਂਗਰਸ ਪਾਰਟੀ ਉਸ ਨੂੰ ਟਿਕਟ ਦੇ ਚੋਣ ਮੈਦਾਨ ਵਿਚ ਉਤਾਰਦੀ ਹੈ, ਤਾਂ ਉਹ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ |