ਤਰਨ ਤਾਰਨ, 15 ਜੁਲਾਈ (ਇਕਬਾਲ ਸਿੰਘ ਸੋਢੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਸਹੁਰਾ ਪਰਿਵਾਰ ਵਲੋਂ ਜਵਾਈ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ 2 ਔਰਤਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਜਸਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਝਾਮਕੇ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਲੜਕੇ ਲਵਪ੍ਰੀਤ ਸਿੰਘ ਦਾ ਵਿਆਹ ਮਲਕੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਭਗਤਾਂ ਵਾਲਾ ਜ਼ਿਲ੍ਹਾ ਅੰਮਿ੍ਤਸਰ ਹੋਇਆ ਸੀ | 13 ਜੁਲਾਈ ਨੂੰ ਉਸਦੀ ਨੂੰਹ ਤੇ ਲੜਕੇ ਦਾ ਦਵਾਈ ਲੈਣ ਜਾਣ ਤੋੋਂ ਝਗੜਾ ਹੋ ਗਿਆ, ਜਿਸ ਕਰਕੇ ਉਸਦੀ ਦੀ ਨੂੰਹ ਨੇ ਆਪਣੇ ਪੇਕੇ ਪਰਿਵਾਰ ਨੁੰ ਬੁਲਾ ਕੇ ਉਸਦੇ ਲੜਕੇ ਦੀ ਕਾਫੀ ਕੁੱਟਮਾਰ ਕੀਤੀ ਅਤੇ ਸਿਰ ਵਿਚ ਚਾਕੂ ਮਾਰੇ ਜਿਸ ਕਰਕੇ ਉਸਦੇ ਲੜਕੇ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਦਾਖਲ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਅਸਮੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਸਰਬਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਅੰਮਿ੍ਤਸਰ, ਮਲਕੀਤ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਝਾਮਕੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |