17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਰੂ ਸਾਹਿਬ ਦੇ ਬੁਲਾਵੇ 'ਤੇ ਹੀ ਅੰਮਿ੍ਤਸਰ ਦੇ ਦਰਸ਼ਨਾਂ ਦਾ ਮਾਣ ਹੋ ਸਕਦੈ ਪ੍ਰਾਪਤ- ਹੈਲਨ ਖਾਨ

ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਪਹਿਲੀ ਵਾਰ ਅੰਮਿ੍ਤਸਰ ਪਹੁੰਚੀ ਬਾਲੀਵੁੱਡ ਦੀ ਮਸ਼ਹੂਰ ਕੈਬਰੇ ਡਾਂਸਰ ਅਤੇ ਅਦਾਕਾਰਾ ਹੈਲਨ ਖ਼ਾਨ ਨੇ ਕਿਹਾ ਕਿ ਗੁਰੂ ਸਾਹਿਬ ਦੇ ਬੁਲਾਵੇ 'ਤੇ ਹੀ ਅੰਮਿ੍ਤਸਰ ਦੇ ਦਰਸ਼ਨ ਅਤੇ ਇੱਥੇ ਆਉਣ ਦਾ ਮਾਣ ਪ੍ਰਾਪਤ ਹੋ ਸਕਦਾ ਹੈ | ਉਨ੍ਹਾਂ ਗੱਲਬਾਤ ਦੌਰਾਨ ਅਤਿ ਭਾਵੁਕ ਲਹਿਜ਼ੇ 'ਚ ਕਿਹਾ ਕਿ ਉਹ ਪਿਛਲੇ ਕਈ ਵਰਿ੍ਹਆਂ ਤੋਂ ਅੰਮਿ੍ਤਸਰ ਆਉਣ ਅਤੇ ਵਿਸ਼ੇਸ਼ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਯੋਜਨਾ ਬਣਾ ਰਹੀ ਸੀ, ਪਰ ਗੁਰੂ ਰਾਮਦਾਸ ਜੀ ਦੀ ਕਿ੍ਪਾ ਨਾਲ ਉਸ ਨੂੰ ਇਸ ਵਾਰ ਅੰਮਿ੍ਤਸਰ ਪਹੁੰਚਣ ਅਤੇ ਦਰਸ਼ਨਾਂ ਦਾ ਮਾਣ ਪ੍ਰਾਪਤ ਹੋਇਆ | ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਫ਼ੈਸ਼ਨ ਟੈਕ ਫੋਰਮ ਵਲੋਂ ਕਰਵਾਏ ਪੰਜਾਬ ਹੈਰੀਟੇਜ ਸ਼ੋਅ ਅਤੇ ਪੰਜਾਬ ਟੂਰਿਜ਼ਮ ਰਿਕੋਗਨੀਸ਼ਨ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੀ ਹੈਲਨ ਖ਼ਾਨ ਨੇ ਬਾਲੀਵੁੱਡ ਸੰਗੀਤਕਾਰਾਂ, ਖ਼ਾਸ ਕਰਕੇ ਆਸ਼ਾ ਭੋਂਸਲੇ ਦੇ ਉਸ ਦੀ ਸਫਲਤਾ 'ਚ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ | ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਭਾਸ਼ਾਵਾਂ 'ਚ ਬਣੀਆਂ ਲਗਭਗ 1,000 ਫ਼ਿਲਮਾਂ 'ਚ ਭੂਮਿਕਾ ਨਿਭਾਅ ਚੁੱਕੀ ਹੈ | ਪੰਜਾਬ ਹੈਰੀਟੇਜ ਸ਼ੋਅ 'ਚ ਪਹੁੰਚੇ ਅਦਾਕਾਰ ਰਜਤ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਹੋਣ 'ਤੇ ਮਾਣ ਹੈ | ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 20 ਸਾਲਾਂ ਬਾਅਦ ਬਾਲੀਵੁੱਡ 'ਚ ਵਾਪਸੀ ਕੀਤੀ | ਰਜਤ ਬੇਦੀ ਅਨੁਸਾਰ ਉਸ ਨੂੰ ਪ੍ਰਮਾਤਮਾ 'ਚ ਵਿਸ਼ਵਾਸ ਸੀ, ਇਸੇ ਕਰਕੇ ਉਹ ਇੰਨੇ ਲੰਬੇ ਸਮੇਂ ਬਾਅਦ ਵਾਪਸੀ ਕਰਨ ਦੇ ਯੋਗ ਹੋਇਆਂ ਅਤੇ ਹੁਣ ਉਸ ਦਾ ਪੁੱਤਰ ਵੀ ਬਾਲੀਵੁੱਡ 'ਚ ਆਪਣੀ ਕਿਸਮਤ ਬਣਾ ਰਿਹਾ ਹੈ |
ਹੈਲਨ ਐੱਨ. ਰਿਚਰਡਸਨ ਤੋਂ ਬਣੀ ਹੈਲਨ ਖ਼ਾਨ
ਸੰਨ 1938 'ਚ ਰੰਗੂਨ (ਬਰਮਾ) 'ਚ ਜਨਮੀ ਹੈਲਨ ਦਾ ਅਸਲੀ ਨਾਂ ਹੈਲਨ ਐੱਨ. ਰਿਚਰਡਸਨ ਹੈ | ਦੂਜੇ ਵਿਸ਼ਵ ਯੁੱਧ ਦੌਰਾਨ ਹੈਲਨ ਦੇ ਪਿਤਾ ਦੀ ਮੌਤ ਹੋਣ 'ਤੇ ਘਰ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ 'ਤੇ ਆ ਗਈ | ਉਨ੍ਹਾਂ ਨੇ ਫ਼ਿਲਮਾਂ 'ਚ ਗਰੁੱਪ ਡਾਂਸਰ ਵਜੋਂ ਕੰਮ ਸ਼ੁਰੂ ਕੀਤਾ ਅਤੇ ਸਾਲ 1960 ਅਤੇ 1970 ਦੇ ਦਹਾਕੇ ਦੌਰਾਨ ਕਈ ਫ਼ਿਲਮਾਂ 'ਚ ਸਫਲ ਭੂਮਿਕਾਵਾਂ ਨਿਭਾਈਆਂ ਅਤੇ ਨਾਲ ਹੀ ਕਈ ਯਾਦਗਾਰੀ ਆਈਟਮ ਗੀਤ ਵੀ ਕੀਤੇ | ਸਾਲ 1981 'ਚ ਪਟਕਥਾ ਲੇਖਕ ਅਤੇ ਫ਼ਿਲਮ ਨਿਰਮਾਤਾ ਸਲੀਮ ਅਬਦੁਲ ਰਾਸ਼ਿਦ ਖਾਨ (ਸਲੀਮ ਖਾਨ) ਨਾਲ ਵਿਆਹ ਕੀਤਾ, ਜੋ ਤਿੰਨ ਬਾਲੀਵੁੱਡ ਅਦਾਕਾਰਾਂ ਸਲਮਾਨ ਖਾਨ, ਸੋਹੇਲ ਖਾਨ ਅਤੇ ਅਰਬਾਜ਼ ਖਾਨ ਅਤੇ ਫ਼ਿਲਮ ਨਿਰਮਾਤਾ ਅਲਵੀਰਾ ਖਾਨ ਅਗਨੀਹੋਤਰੀ ਦੇ ਪਿਤਾ ਹਨ | ਹੈਲਨ ਖ਼ਾਨ ਨੂੰ ਕਈ ਪੁਰਸਕਾਰ ਮਿਲੇ ਅਤੇ ਭਾਰਤ ਸਰਕਾਰ ਦੁਆਰਾ ਉਨ੍ਹਾਂ ਨੂੰ ਪਦਮਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ | ਉਨ੍ਹਾਂ 'ਤੇ ਚਾਰ ਕਿਤਾਬਾਂ ਵੀ ਲਿਖੀਆਂ ਗਈਆਂ ਹਨ |
ਪਿਛਲੀ ਖ਼ਬਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਇਕ ਗਿ੍ਫਤਾਰ ਅਗਲੀ ਖ਼ਬਰ ਰੋਟਰੀ ਕਲੱਬ ਮਿਡਟਾਊਨ ਵਲੋਂ ਗੂਗਲ ਖੋਜਾਂ ਤੇ ਏ. ਆਈ. ਸੰਬੰਧੀ ਵਿ ਸ਼ੇਸ਼ ਸੈਸ਼ਨ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।