ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡਾ. ਬੀ. ਆਰ. ਅੰਬੇਡਕਰ ਚੇਅਰ, ਲਾਅ ਵਿਭਾਗ ਤੇ ਐੱਨ.ਐੱਸ.ਐੱਸ. ਯੂਨਿਟ ਵਲੋਂ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਭਵਨ ਦੇ ਗੁਰੂ ਨਾਨਕ ਆਡੀਟੋਰੀਅਮ ਵਿਖੇ 76ਵਾਂ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਦੌਰਾਨ ਰਜਿਸਟਰਾਰ ਪ੍ਰੋ. (ਡਾ.) ਕੇ. ਐੱਸ. ਚਾਹਲ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਚੇਅਰ ਦੀ ਜੇ.ਆਰ.ਐੱਫ. ਡਾ. ਪੁਨੀਤ ਕੌਰ ਅਤੇ ਚੇਅਰ ਦੇ ਚੇਅਰਮੈਨ ਪ੍ਰੋ. (ਡਾ.) ਪਵਨ ਕੁਮਾਰ ਨੇ ਭਾਰਤੀ ਸੰਵਿਧਾਨ ਨੂੰ ਦੇਸ਼ ਦੇ ਸੰਚਾਲਨ ਦਾ ਮੁੱਢਲਾ ਦਸਤਾਵੇਜ਼ ਦੱਸਿਆ | ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੰਵਿਧਾਨ ਨੇ ਦੇਸ਼ ਲਈ ਜ਼ਾਬਤੇ ਬਣਾਏ ਹਨ | ਵਿਭਾਗਾਂ ਵਿਚਾਲੇ ਬਹਿਸ ਮੁਕਾਬਲੇ 'ਚ 17 ਵਿਦਿਆਰਥੀਆਂ ਨੇ ਸੱਤ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਰੱਖੇ ਇਸ ਦੀ ਜਜਮੈਂਟ ਡਾ. ਬਲਜੀਤ ਕੌਰ (ਸਕੂਲ ਆਫ਼ ਪੰਜਾਬੀ ਸਟੱਡੀਜ਼) ਤੇ ਡਾ. ਸੰਦੀਪ ਕੌਰ ਬਰਾੜ (ਗੁਰੂ ਨਾਨਕ ਸਟੱਡੀਜ਼) ਨੇ ਕੀਤੀ | ਇਸ ਮੌਕੇ ਵਿਸ਼ੇਸ਼ ਲੈਕਚਰ 'ਚ ਪ੍ਰੋ. (ਡਾ.) ਸਤਿਨਾਮ ਸਿੰਘ ਦਿਓਲ, ਮੁਖੀ ਰਾਜਨੀਤੀ ਵਿਗਿਆਨ ਵਿਭਾਗ ਨੇ ਸੰਵਿਧਾਨ ਦਿਵਸ ਦੀ ਸਾਰਥਕਤਾ, ਭਾਰਤੀ ਸੰਵਿਧਾਨ ਦੀਆਂ ਖ਼ੂਬੀਆਂ, ਮਨੁੱਖ ਤੇ ਸੰਵਿਧਾਨ ਦੇ ਰਿਸ਼ਤੇ ਤੇ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਜੋੜਦਿਆਂ ਸਮਾਜ ਵਿੱਚ ਅਮੀਰੀ-ਗਰੀਬੀ ਦੇ ਟਾਕਰੇ ਬਾਰੇ ਗੱਲ ਕੀਤੀ | ਬਹਿਸ ਮੁਕਾਬਲੇ ਦੇ ਨਤੀਜਿਆਂ 'ਚ ਪਹਿਲਾ ਸਥਾਨ ਅਨਮੋਲਪ੍ਰੀਤ ਸਿੰਘ, ਭਵਿਆ ਨੇ ਦੂਜਾ ਅਤੇ ਰਵੀਸ਼ ਮਹਾਜਨ ਨੇ ਤੀਜਾ ਸਥਾਨ ਜਦਕਿ ਨਿਗਾਹੀਆ ਸਿੰਘ ਨੇ ਵਿਸ਼ੇਸ਼ ਪ੍ਰਸ਼ੰਸਾ ਇਨਾਮ ਪ੍ਰਾਪਤ ਕੀਤਾ | ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਪ੍ਰੋ. ਸਤਿਨਾਮ ਸਿੰਘ ਦਿਓਲ, ਪ੍ਰੋ. ਪਵਨ ਕੁਮਾਰ, ਡਾ. ਮੀਨੂੰ ਵਰਮਾ ਤੇ ਦੋਵੇਂ ਜੱਜਾਂ ਨੇ ਕੀਤੀ |ਇਸ ਮੌਕੇ ਡਾ. ਹਰਕਿਰਨਦੀਪ ਕੌਰ, ਸਭ ਦਾ ਧੰਨਵਾਦ ਕੀਤਾ |