29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਜੀ. ਐੱਸ. ਟੀ. ਅਤੇ ਸਰਕਾਰੀ ਰਿਆਲਟੀ 'ਚ ਵਾਧੇ ਨਾਲ ਇੱਟਾਂ ਦੇ ਭਾਅ 'ਚ ਆਈ ਤੇਜ਼ੀ

ਅਜੀਤ ਡੈਸਕ 03-12-2025

ਅਨਿਯਮਿਤ ਮੌਨਸੂਨ ਅਤੇ ਮਿੱਟੀ ਦੀ ਘਾਟ ਵੀ ਬਣੀ ਕਾਰਨ
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਇੱਟਾਂ ਦੇ ਭਾਅ 'ਚ ਹੋਏ ਲਗਭਗ 500 ਰੁਪਏ ਦੇ ਵਾਧੇ ਲਈ ਇੱਟ ਭੱਠਾ ਮਾਲਕਾਂ ਨੇ ਜੀ. ਐੱਸ. ਟੀ. ਦੀਆਂ ਵਧੀਆਂ ਦਰਾਂ ਅਤੇ ਵਧਾਈ ਗਈ ਸਰਕਾਰੀ ਰਿਆਲਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਨਿਯਮਿਤ ਮਾਨਸੂਨ ਸੀਜ਼ਨ ਦੌਰਾਨ ਭੱਠਿਆਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਿਆ | ਇਸ ਤੋਂ ਇਲਾਵਾ ਮੁੱਖ ਸੜਕਾਂ 'ਤੇ ਵੱਡੇ ਪੱਧਰ 'ਤੇ ਪਾਈ ਜਾ ਰਹੀ ਮਿੱਟੀ ਨਾਲ ਇੱਟ ਭੱਠਿਆਂ ਨੂੰ ਉਚਿੱਤ ਮਾਤਰਾ 'ਚ ਮਿੱਟੀ ਉਪਲਬਧ ਨਹੀਂ ਹੋ ਰਹੀ ਅਤੇ ਮਿੱਟੀ ਦੀ ਘਾਟ ਦੇ ਚੱਲਦਿਆਂ ਭੱਠਿਆਂ 'ਤੇ ਇੱਟਾਂ ਦਾ ਪ੍ਰਬੰਧਨ ਓਨਾ ਨਹੀਂ ਹੈ ਜਿੰਨਾ ਕਿ ਪੰਜਾਬ ਦੇ ਲੋਕਾਂ ਨੂੰ ਜ਼ਰੂਰਤ ਹੈ | ਇਸ ਸਭ ਦਾ ਅਸਰ ਇੱਟਾਂ ਦੇ ਭਾਅ 'ਤੇ ਵੀ ਪਿਆ ਹੈ | ਇਸ ਬਾਰੇ 'ਚ 'ਅਜੀਤ' ਨਾਲ ਗੱਲਬਾਤ ਕਰਦਿਆਂ ਅੰਮਿ੍ਤਸਰ ਕਿਲਨ ਐਂਡ ਬਿ੍ਕ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੰਦਾ, ਜਨਰਲ ਸਕੱਤਰ ਅਨਿਲ ਅਗਰਵਾਲ ਅਤੇ ਖ਼ਜ਼ਾਨਚੀ ਆਸ਼ੀਸ਼ ਭੱਲਾ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇੱਟਾਂ 'ਤੇ ਜੀ. ਐੱਸ. ਟੀ. ਦਰ 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਅਤੇ ਕੋਲੇ 'ਤੇ 6 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ ਕੀਤੇ ਜਾਣ ਨਾਲ ਇੱਟਾਂ ਦੇ ਭਾਅ 'ਚ ਵਾਧਾ ਹੋਣਾ ਲਾਜ਼ਮੀ ਹੈ | ਇਸ ਤੋਂ ਇਲਾਵਾ ਸਰਕਾਰ ਵਲੋਂ ਲਈ ਜਾਣ ਵਾਲੀ ਰਿਆਲਟੀ ਵੀ 60 ਹਜ਼ਾਰ ਰੁਪਏ ਤੋਂ ਵਧਾ ਕੇ ਘੱਟੋ-ਘੱਟ 2 ਲੱਖ 18 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ | ਇਸ ਨਾਲ ਵੀ ਇੱਟਾਂ ਦੇ ਭਾਅ ਵਿਚ ਤੇਜ਼ੀ ਆਈ ਹੈ | ਉਕਤ ਤੋਂ ਇਲਾਵਾ ਜ਼ਿਆਦਾਤਰ ਭੱਠਾ ਮਾਲਕਾਂ ਨੇ ਲੰਬੇ ਸਮੇਂ ਤੱਕ ਚੱਲੇ ਮਾਨਸੂਨ ਦੇ ਇਲਾਵਾ ਉੱਚ ਲਾਗਤਾਂ, ਕੋਲਾ ਅਤੇ ਕੱਚੇ ਮਾਲ ਦੀਆਂ ਕੀਮਤਾਂ 'ਚ ਵਾਧੇ ਅਤੇ ਸੂਬਾ ਸਰਕਾਰ ਦੁਆਰਾ ਐਲਾਨੇ ਗਏ ਵਿਕਾਸ ਖ਼ਰਚਿਆਂ ਨੂੰ ਭਾਅ 'ਚ ਵਾਧੇ ਲਈ ਜ਼ਿੰਮੇਵਾਰ ਦੱਸਿਆ ਹੈ | ਪ੍ਰਧਾਨ ਮੁਕੇਸ਼ ਨੰਦਾ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ 'ਚ ਲਗਭਗ 1.5 ਲੱਖ ਅਤੇ ਇਕੱਲੇ ਪੰਜਾਬ 'ਚ 2600 ਇੱਟਾਂ ਦੇ ਭੱਠੇ ਹਨ | ਜੀ. ਐੱਸ. ਟੀ. ਦੀਆਂ ਵਧੀਆਂ ਦਰਾਂ ਅਤੇ ਕੇਂਦਰ ਸਰਕਾਰ ਦੀਆਂ ਇੱਟ ਭੱਠਾ ਕਾਰੋਬਾਰ ਵਿਰੋਧੀ ਨੀਤੀਆਂ ਨਾਲ ਇਹ ਕਾਰੋਬਾਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ |

ਪਿਛਲੀ ਖ਼ਬਰ ਕੋਟ ਮਿੱਤ ਸਿੰਘ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ ਤਿੰਨੇ ਦੋਸ਼ੀ ਔਰਤ ਸਮੇਤ ਕਾਬੂ ਅਗਲੀ ਖ਼ਬਰ ਬਿਜਲੀ ਸੋਧ ਬਿੱਲ ਖਿਲਾਫ਼ ਐੱਸ.ਕੇ.ਐਮ. ਨੇ ਸੂਬਾ ਅਤੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।