ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ''ਰੌਸ਼ਨੀ ਤੇ ਆਵਾਜ਼' ਧਾਰਮਿਕ ਨਾਟਕ ਮੰਚਣ ਕਰਵਾਇਆ ਗਿਆ, ਜਿਸ 'ਚ ਗੁਰੂ ਸਾਹਿਬ ਦੇ ਜੀਵਨ, ਬਾਣੀ, ਧਰਮ ਰੱਖਿਅਕ ਬਣ ਕੇ ਦਿੱਤੀ ਸ਼ਹਾਦਤ ਅਤੇ ਸ਼ਹੀਦ ਸਿੰਘਾਂ ਨੂੰ ਪ੍ਰਣਾਮ ਕਰਦਿਆਂ ਸਿੱਖੀ ਦੇ ਸੁਨਹਿਰੀ ਇਤਿਹਾਸ ਦੇ ਪੰਨਿਆਂ ਤੋਂ ਰੂਬਰੂ ਕਰਵਾਇਆ ਗਿਆ | ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਹੋਏ ਇਸ ਪ੍ਰੋਗਰਾਮ ਵਿਚ ਸ੍ਰੀਮਤੀ ਅਜੀਤ ਕੌਰ ਅਣਖੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਦੀਵਾਨ ਦੇ ਸੀਨੀਅਰ ਮੈਂਬਰ ਨਿਰੰਜਨ ਸਿੰਘ, ਐਡੀ. ਆਨਰੇਰੀ ਸਕੱਤਰ ਹਰਵਿੰਦਰ ਪਾਲ ਸਿੰਘ ਚੁੱਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਇਸ ਸਮਾਗਮ ਦਾ ਆਗਾਜ਼ ਸ਼ਬਦ ਗਾਇਣ ਨਾਲ ਹੋਇਆ | ਉਪਰੰਤ ਆਦਰਸ਼ਪਿੰਦਰ ਸਿੰਘ ਮਾਨ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਚੇ-ਸੁੱਚੇ ਜੀਵਨ 'ਤੇ ਗੱਲਬਾਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ | ਵਿਦਿਆਰਥੀਆਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਉਪਦੇਸ਼ਾਂ, ਧਰਮ ਰੱਖਿਆ ਅਤੇ ਬੇਮਿਸਾਲ ਸ਼ਹਾਦਤ ਤੇ ਰੋਸ਼ਨੀ ਅਤੇ ਆਵਾਜ਼ ਰਾਹੀਂ ਭਾਵਪੂਰਤ ਪੇਸ਼ਕਾਰੀ ਕਰਦਿਆਂ ਮਾਹੌਲ ਨੂੰ ਭਗਤੀ ਅਤੇ ਨਿਮਰਤਾ ਦੇ ਰੰਗਾਂ ਵਿਚ ਰੰਗ ਕੇ ਦਰਸ਼ਕਾਂ ਦੇ ਮਨਾਂ 'ਤੇ ਅਮਿੱਟ ਪ੍ਰਭਾਵ ਛਡਿਆ | ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਅਜਿਹਾ ਨਾਟ ਸ਼ੋਅ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ ਭਾਵੁਕ ਮੰਚਨ ਬੱਚਿਆਂ ਵਿਚ ਹਿੰਮਤ, ਨੈਤਿਕਤਾ ਅਤੇ ਮਨੁੱਖਤਾ ਦੀ ਵਿਲੱਖਣ ਪ੍ਰੇਰਨਾ ਜਗਾਉਂਦਾ ਹੈ | ਇਸ ਮੌਕੇ ਦੀਵਾਨ ਪ੍ਰਬੰਧਕਾਂ ਵਲੋਂ ਗੁਰਮਤਿ ਮੁਕਾਬਲਿਆਂ 'ਚ ਇਨਾਮ ਜਿੱਤਣ ਵਾਲੇ ਹੋਣਹਾਰ ਵਿਦਿਆਰਥੀ ਜੁਝਾਰ ਸਿੰਘ ਅਤੇ ਪ੍ਰੋਗਰਾਮ ਦੀ ਸਫਲਤਾ ਵਿਚ ਸਹਿਯੋਗ ਦੇਣ ਵਾਲੇ ਦੀਵਾਨ ਮੈਂਬਰਾਂ ਅਤੇ ਸਟਾਫ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਰਮਣੀਕ ਸਿੰਘ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਆਨਰੇਰੀ ਜਾਇੰਟ ਸਕੱਤਰ ਇੰਜੀ. ਜਸਪਾਲ ਸਿੰਘ, ਆਦਰਸ਼ਪਿੰਦਰ ਸਿੰਘ ਮਾਨ ਤੇ ਮਨਮੋਹਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਦੀਵਾਨ ਮੈਂਬਰਜ਼, ਸੀ.ਕੇ.ਡੀ ਸਕੂਲਾਂ ਦੇ ਪਿ੍ੰਸੀਪਲ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |