ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਿਹਾਰ 'ਚ ਭਾਜਪਾ ਦੀ ਹੋਈ ਇਤਿਹਾਸਕ ਜਿੱਤ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਉਪਰੰਤ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਤਖ਼ਤ ਸੀ੍ਰ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ | ਇਸ ਦੌਰਾਨ ਸ੍ਰੀ ਚੱੁਘ ਨੇ ਕਿਹਾ ਕਿ ਯੂ-ਟਿਊਬ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਗੁਰਬਾਣੀ ਦਾ ਪ੍ਰਸਾਰਣ ਕਰਨ ਵਾਲੇ ਅਧਿਕਾਰਤ ਚੈਨਲ ਨੂੰ ਇਕ ਹਫ਼ਤੇ ਲਈ ਮੁਅੱਤਲ ਕਰਨਾ ਅਪਮਾਨਜਨਕ ਅਤੇ ਦੁਖਦਾਈ ਕਦਮ ਹੈ | ਲੱਖਾਂ ਸ਼ਰਧਾਲੂ ਇਸ ਚੈਨਲ ਦੇ ਮਾਧਿਅਮ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਸਿੱਧੇ ਦਰਸ਼ਨ ਕਰਦੇ ਸਨ | ਉਨ੍ਹਾਂ ਲਈ ਇਹ ਕਿਸੇ ਸਜ਼ਾ ਤੋਂ ਘੱਟ ਨਹੀ ਹੈ | ਉਨ੍ਹਾਂ ਚੈਨਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਚੈਨਲ ਲੰਬੇ ਸਮੇਂ ਤੋਂ ਪੂਰੀ ਸ਼ਰਧਾ ਨਾਲ ਸੇਵਾ ਕਰ ਰਿਹਾ ਹੈ ਅਤੇ ਇਸ ਦੀ ਪ੍ਰਸਾਰਨ ਬੰਦ ਕਰਨਾ ਬਰਦਾਸ਼ਤ ਤੋਂ ਬਾਹਰ ਹੈ | ਇਸ ਲਈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਤੁਰੰਤ ਦਖਲ ਦੇਣ ਅਤੇ ਚੈਨਲ ਦੀ ਤੁਰੰਤ ਬਹਾਲੀ ਨੂੰ ਯਕੀਨੀ ਬਣਾਉਣ |