29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਅੰਮਿ੍ਤਸਰ ਪਹੁੰਚੇਗੀ 'ਸੀਸੁ ਦੀਆ ਪਰ ਸਿਰਰੁ ਨਾ ਦੀਆ' ਸਾਈਕਲ ਯਾਤਰਾ

ਅਜੀਤ ਡੈਸਕ 08-11-2025
ਅੰਮਿ੍ਤਸਰ, 7 ਨਵੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਸੀਸੁ ਦੀਆ ਪਰ ਸਿਰਰੁ ਨਾ ਦੀਆ' ਸਾਈਕਲ ਯਾਤਰਾ ਦਿੱਲੀ ਤੋਂ 15 ਨਵੰਬਰ ਨੂੰ ਆਰੰਭ ਹੋ ਕੇ 20 ਨਵੰਬਰ ਨੂੰ ਅੰਮਿ੍ਤਸਰ ਪਹੁੰਚੇਗੀ | ਇਸ ਨਿਵੇਕਲੀ ਸਾਈਕਲ ਯਾਤਰਾ ਦੇ ਸਫ਼ਰ ਨੂੰ ਯਾਦਗਾਰੀ ਤੇ ਰੂਹਾਨੀਅਤ ਭਰਪੂਰ ਰੱਖਣ ਲਈ ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ 'ਧਾਰਮਿਕ ਸ਼ਬਦ' ਨੂੰ ਆਪਣੀ ਆਵਾਜ਼ 'ਚ ਸੰਗੀਤਬੱਧ ਕੀਤਾ ਗਿਆ ਹੈ, ਜਿਸ ਨੂੰ ਅੱਜ ਅੰਮਿ੍ਤਸਰ 'ਚ ਰਿਲੀਜ਼ ਕੀਤਾ ਗਿਆ | ਇਸ ਮੌਕੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਗਾਇਕ ਜਸਬੀਰ ਜੱਸੀ ਮੌਜੂਦ ਸਨ | ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਇਹ ਸਾਈਕਲ ਯਾਤਰਾ 15 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਗੁਰੂ ਕਾ ਮਹਿਲ ਅੰਮਿ੍ਤਸਰ ਤੱਕ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਉਦੇਸ਼ ਗੁਰੂ ਸਾਹਿਬ ਦੀ ਸ਼ਹਾਦਤ, ਦਇਆ, ਨਿਰਭਉਤਾ ਅਤੇ ਨਿਡਰਤਾ ਦੀ ਵਿਰਾਸਤ ਨੂੰ ਪ੍ਰਚਾਰਤ ਕਰਨਾ ਹੈ | 250 ਸਾਈਕਲ ਸਵਾਰਾਂ ਦੇ ਨਾਲ ਇਹ ਯਾਤਰਾ ਦਿੱਲੀ ਤੋਂ ਰਵਾਨਾ ਹੋਵੇਗੀ | ਰਸਤੇ 'ਚ ਹੋਰ ਸਾਈਕਲ ਸਵਾਰ ਅਤੇ ਸਮਰਥਕ ਇਸ ਯਾਤਰਾ 'ਚ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਸਮਾਜਿਕ ਤੇ ਧਾਰਮਿਕ ਆਜ਼ਾਦੀ ਤੇ ਧਾਰਮਿਕ ਚਿੰਨ੍ਹਾਂ ਦੀ ਰਖਵਾਲੀ ਲਈ 350 ਸਾਲ ਪਹਿਲਾਂ ਹੰਡਾਏ ਗਏ ਸ਼ਹੀਦੀ ਸਾਕੇ ਦੀ ਯਾਦ ਨੂੰ ਪ੍ਰਚਾਰਿਤ ਕਰਨ ਅਤੇ ਸਿੱਖੀ ਸਰੂਪ ਦੀ ਪ੍ਰੋੜਤਾ ਨੂੰ ਇਹ ਸਾਈਕਲ ਯਾਤਰਾ ਸਮਰਪਿਤ ਹੋਵੇਗੀ | ਇਸ ਯਾਤਰਾ ਦਾ ਮੁੱਢਲਾ ਮਕਸਦ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਸੰਕਲਪ ਨੂੰ ਚੇਤਾ ਕਰਨਾ ਹੈ | ਉੱਥੇ ਹੀ ਮੌਜੂਦਾ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖਾਂ ਸਾਹਮਣੇ ਧਾਰਮਿਕ ਪਛਾਣ, ਧਰਮ ਤਬਦੀਲੀ, ਧਾਰਮਿਕ ਲਿਬਾਸ, ਨਸ਼ਿਆਂ ਤੇ ਨਸ਼ਲੀ ਸਫ਼ਾਈ ਦੇ ਖੜ੍ਹੇ ਖਤਰੇ ਪ੍ਰਤੀ ਸਿੱਖਾਂ ਨੂੰ ਜਾਗਰੂਕ ਕਰਨਾ ਵੀ ਹੈਂ | ਉਨ੍ਹਾਂ ਕਿਹਾ ਕਿ ਇਹ ਸਾਈਕਲ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਨ੍ਹਾਂ ਦੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਸਣੇ ਗੁਰੂ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਅਤੇ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਸਮਰਪਿਤ ਕੀਤੀ ਗਈ ਹੈ | ਇਸ ਸਾਈਕਲ ਯਾਤਰਾ 'ਚ ਬਤੌਰ ਪ੍ਰਤਿਭਾਗੀ ਰਜਿਸਟ੍ਰੇਸ਼ਨ ਕਰਨ ਲਈ ਆਨਲਾਈਨ ਫਾਰਮ ਭਰਿਆ ਜਾ ਰਿਹਾ ਹੈ | ਉਨ੍ਹਾਂ ਇਸ ਯਾਤਰਾ ਸੰਬੰਧੀ ਤਿਆਰ ਕੀਤੇ ਧਾਰਮਿਕ ਸ਼ਬਦ ਬਾਰੇ ਕਿਹਾ ਕਿ ਇਸ ਦੇ ਲਈ ਜਸਬੀਰ ਜੱਸੀ ਵਲੋਂ ਨਿਸ਼ਕਾਮ ਸੇਵਾ ਨਿਭਾਈ ਹੈ ਅਤੇ ਇਸ ਧਾਰਮਿਕ ਸ਼ਬਦ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਵਲੋਂ ਸਹਿਯੋਗ ਦਿੱਤਾ ਗਿਆ ਹੈ | ਇਸ ਦੌਰਾਨ ਜਸਬੀਰ ਜੱਸੀ ਨੇ ਇਸ ਧਾਰਮਿਕ ਸ਼ਬਦ ਪ੍ਰਤੀ ਨਿਭਾਈ ਸੇਵਾ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੇਵਾ ਬਹੁਤ ਵੱਡੀ ਸੀ ਜੋ ਉਨ੍ਹਾਂ ਨੇ ਇਸ ਨਿਮਾਣੇ ਕੋਲੋਂ ਲਈ ਹੈ ਅਤੇ ਉਹ ਖੁਸ਼ਨਸੀਬ ਹਨ ਕਿ ਗੁਰੂ ਸਾਹਿਬ ਦੀ 350 ਸਾਲਾ ਸ਼ਤਾਬਦੀ ਦੌਰਾਨ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ | ਇਸ ਮੌਕੇ ਰਾਜਿੰਦਰ ਸਿੰਘ ਮਰਵਾਹ, ਅਰਵਿੰਦਰ ਸਿੰਘ ਭੱਟੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਚੰਦਰਪੁਰਾ (ਝਾਰਖੰਡ) 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਹਿਲਾ ਸਸ਼ਕਤੀਕਰਨ ਵਿਸ਼ੇ 'ਤੇ ਇੰਟਰ ਹਾਊਸ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।