ਅੰਮਿ੍ਤਸਰ, 7 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਖੇਤਰੀ ਭਵਿੱਖ ਨਿਧੀ ਕਮਿਸ਼ਨਰ ਲੋਕੇਂਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਵਲੋਂ ਅੱਜ ਅੰਮਿ੍ਤਸਰ ਸਵਦੇਸ਼ੀ ਵੂਲਨ ਮਿੱਲਜ਼ ਮਜੀਠਾ ਵੇਰਕਾ ਬਾਈਪਾਸ ਅੰਮਿ੍ਤਸਰ ਵਿਖੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਅਧੀਨ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਟੈਕਸਟਾਈਲ ਉਦਯੋਗ ਨਾਲ ਜੁੜੇ ਮਾਲਕਾਂ ਅਤੇ ਕਾਮਿਆਂ ਨੂੰ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਦੇ ਤਹਿਤ ਈ. ਪੀ. ਐੱਫ. ਓ. ਨਾਲ ਸੰਬੰਧਿਤ ਪ੍ਰਬੰਧਾਂ, ਯੋਗਤਾ ਸ਼ਰਤਾਂ ਅਤੇ ਲਾਭਾਂ ਬਾਰੇ ਜਾਗਰੂਕ ਕਰਨਾ ਸੀ | ਸੈਮੀਨਾਰ 'ਚ ਕੁੱਲ 15 ਕਰਮਚਾਰੀ ਅਤੇ 5 ਮਾਲਕ ਸ਼ਾਮਲ ਹੋਏ | ਭਾਗੀਦਾਰਾਂ ਨੂੰ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਅਧੀਨ ਰਜਿਸਟਰੇਸ਼ਨ ਪ੍ਰਕਿਰਿਆ, ਯੋਜਨਾ ਅਧੀਨ ਉਪਲਬਧ ਪ੍ਰੋਤਸਾਹਨ ਅਤੇ ਡਿਜੀਟਲ ਚੈਨਲਾਂ ਰਾਹੀਂ ਸੇਵਾਵਾਂ ਤੱਕ ਪਹੁੰਚ ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ ਗਈ | ਸਮਾਗਮ 'ਚ ਮੌਜੂਦ ਅਧਿਕਾਰੀਆਂ ਨੇ ਭਾਗੀਦਾਰਾਂ ਨੂੰ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਤਾਂ ਜੋ ਰਸਮੀ ਖੇਤਰ 'ਚ ਹੋਰ ਕਾਮਿਆਂ ਨੂੰ ਲਿਆਂਦਾ ਜਾ ਸਕੇ ਅਤੇ ਸੰਗਠਿਤ ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਇਸ ਮੌਕੇ ਅਨੁਰਾਗ ਕਟਾਰਾ ਅਤੇ ਸਾਹਿਲ ਸਾਂਗਵਾਨ ਤਕਨੀਕੀ ਅਫ਼ਸਰ, ਸਵਦੇਸ਼ੀ ਵੂਲਨ ਮਿੱਲਜ਼ ਦੇ ਮੈਨੇਜਿੰਗ ਡਾਇਰੈਕਟਰ ਚਿਮਨ ਮਹੇਸ਼ਵਰੀ ਅਤੇ ਵਿਮਲ ਅਰੋੜਾ ਸਮੇਤ ਹੋਰ ਪ੍ਰਤੀਨਿਧੀ ਵੀ ਸਮਾਗਮ 'ਚ ਮੌਜੂਦ ਸਨ |