16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਅਤੇ ਸਫ਼ਾਈ ਦਾ ਮੰਦਾ ਹਾਲ <br/>

ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਸਥਾਨਕ ਲਾਰੈਂਸ ਰੋਡ ਵਿਖੇ ਸਥਿਤ ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਅਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਦੁਕਾਨਦਾਰਾਂ ਨੇ ਅੰਮਿ੍ਤਸਰ ਇੰਪਰੂਵਮੈਂਟ ਟਰੱਸਟ ਦੇ ਵਿਰੁੱਧ ਸਖ਼ਤ ਨਾਰਾਜ਼ਗੀ ਜਤਾਈ ਹੈ | ਇਸ ਮਾਰਕੀਟ 'ਚ ਵੱਖ-ਵੱਖ ਕਾਰੋਬਾਰ ਨਾਲ ਸਬੰਧਿਤ ਸੈਂਕੜੇ ਦੁਕਾਨਾਂ ਅਤੇ ਵੱਡੀ ਗਿਣਤੀ 'ਚ ਦਫ਼ਤਰ ਮੌਜੂਦ ਹਨ | ਜਿਨ੍ਹਾਂ ਲਈ ਕੰਪਲੈਕਸ 'ਚ ਲਗਭਗ 1 ਲੱਖ ਵਰਗ ਫੁੱਟ ਖੇਤਰ 'ਚ 300 ਵਾਹਨਾਂ ਨੂੰ ਖੜ੍ਹੇ ਕਰਨ ਲਈ ਡਬਲ ਬੇਸਮੈਂਟ ਅਤੇ ਛੱਤ ਵਾਲੀ ਪਾਰਕਿੰਗ ਬਣਾਈ ਗਈ ਹੋਣ ਦੇ ਬਾਵਜੂਦ ਦੁਕਾਨਾਂ ਦੇ ਅੱਗੇ ਅਤੇ ਮਾਰਕੀਟ ਦੇ ਅੱਧ ਵਿਚਾਲੇ ਬੇਤਰਤੀਬ ਖੜ੍ਹੇ ਕੀਤੇ ਵਾਹਨ ਮਾਰਕੀਟ ਦੇ ਖੁੱਲਣ ਤੋਂ ਲੈ ਕੇ ਰਾਤ ਬੰਦ ਹੋਣ ਤਕ ਜਾਮ ਲੱਗਣ ਦਾ ਕਾਰਨ ਬਣੇ ਰਹਿੰਦੇ ਹਨ | ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਸਭ ਤੋਂ ਵਿਅਸਤ ਵਪਾਰਕ ਕੇਂਦਰਾਂ 'ਚ ਸ਼ਾਮਿਲ ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਕਈ ਖਾਣ-ਪੀਣ ਦੀਆਂ ਵੀ ਦੁਕਾਨਾਂ ਹਨ, ਜਿਨ੍ਹਾਂ 'ਚੋਂ ਕਈਆਂ ਵਲੋਂ ਗਾਹਕਾਂ ਦੇ ਖਾਣ-ਪੀਣ ਦਾ ਪ੍ਰਬੰਧ ਦੁਕਾਨਾਂ ਦੇ ਅੱਗੇ ਵਾਹਨ ਖੜ੍ਹੇ ਕਰਨ ਵਾਲੀ ਜਗ੍ਹਾ 'ਤੇ ਕੀਤਾ ਜਾ ਰਿਹਾ ਹੈ, ਜਿਸ ਨਾਲ ਆਸ-ਪਾਸ ਦੇ ਇਲਾਕੇ 'ਚ ਸੁਚਾਰੂ ਆਵਾਜਾਈ 'ਚ ਵਿਘਨ ਪੈਂਦਾ ਹੈ | ਇਸ ਦੇ ਇਲਾਵਾ ਇੱਥੇ ਕਈ ਅਜਿਹੇ ਵੀ ਦਫ਼ਤਰ ਹਨ, ਜਿੱਥੇ ਲਗਭਗ ਸਾਰਾ ਦਿਨ ਗਾਹਕਾਂ ਅਤੇ ਆਮ ਲੋਕਾਂ ਦੀ ਭੀੜ ਜੁੜੀ ਰਹਿੰਦੀ ਹੈ | ਇਨ੍ਹਾਂ 'ਚੋਂ ਵਧੇਰੇਤਰ ਲੋਕ ਹੋਰਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੀ ਪਰਵਾਹ ਕੀਤੇ ਬਗੈਰ ਜਿੱਥੇ ਮਰਜ਼ੀ ਆਪਣੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਖੜ੍ਹੇ ਕਰ ਜਾਂਦੇ ਹਨ | ਸ਼ਾਪਿੰਗ ਕੰਪਲੈਕਸ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਾਰ ਉਨ੍ਹਾਂ ਨੂੰ ਆਪਣੇ ਦਫ਼ਤਰ, ਸ਼ੋ-ਰੂਮ ਜਾਂ ਦੁਕਾਨ ਤਕ ਪਹੁੰਚਣ ਅਤੇ ਵਾਪਸੀ ਵੇਲੇ ਉੱਥੋਂ ਆਪਣਾ ਵਾਹਨ ਕੱਢਣ 'ਚ ਲੰਬਾ ਸਮਾਂ ਲੱਗ ਜਾਂਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਬੰਧਿਤ ਵਿਭਾਗ ਦੇ ਅਧਿਕਾਰੀ ਪਾਰਕਿੰਗ ਦੀਆਂ ਉਲੰਘਣਾਵਾਂ ਵੱਲ ਅੱਖਾਂ ਮੀਟੀ ਬੈਠੇ ਹਨ | ਜਦਕਿ ਮਲਟੀ-ਲੈਵਲ ਬੇਸਮੈਂਟ ਪਾਰਕਿੰਗ ਖ਼ਰਾਬ ਰੱਖ-ਰਖਾਅ ਅਤੇ ਜਾਗਰੂਕਤਾ ਦੇ ਕਾਰਨ ਵਰਤੋਂ 'ਚ ਨਹੀਂ ਆ ਰਹੀ ਹੈ | ਉਕਤ ਦੇ ਇਲਾਵਾ ਮਾਰਕੀਟ ਦੇ ਕੁੱਝ ਦੁਕਾਨਦਾਰਾਂ, ਉਨ੍ਹਾਂ ਦੇ ਕਰਮਚਾਰੀਆਂ ਜਾਂ ਇੱਥੇ ਆਉਣ ਵਾਲੇ ਗਾਹਕਾਂ ਵਲੋਂ ਜਗ੍ਹਾ-ਜਗ੍ਹਾ ਮਲਬਾ ਅਤੇ ਕੂੜਾ ਵੀ ਸੁੱਟਿਆ ਜਾਂਦਾ ਹੈ | ਜਿਸ ਕਾਰਨ ਲਗਭਗ ਹਰ ਪਾਸੇ ਗੰਦਗੀ ਅਤੇ ਬਦਬੂ ਫੈਲੀ ਹੋਈ ਹੈ | ਕੁੱਝ ਦੁਕਾਨਦਾਰਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਨਹਿਰੂ ਸ਼ਾਪਿੰਗ ਕੰਪਲੈਕਸ ਦੀ ਛੱਤ ਸਮੇਤ ਕੁੱਝ ਖਾਲੀ ਪਈਆਂ ਮੰਜ਼ਿਲਾਂ ਸਮਾਜ ਵਿਰੋਧੀ ਅਨਸਰਾਂ ਦੀ ਸੁਰੱਖਿਅਤ ਪਨਾਹਗਾਹ ਬਣੀਆਂ ਹੋਈਆਂ ਹਨ |
ਮਾਰਕੀਟ ਦੇ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਪਾਰਕਿੰਗ ਦੀ ਖ਼ਰਾਬ ਵਿਵਸਥਾ ਕਾਰਨ ਵਾਹਨਾਂ ਅਤੇ ਉਨ੍ਹਾਂ ਦੇ ਸਪੇਅਰ-ਪਾਰਟਸ ਦੇ ਚੋਰੀ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਦੇ ਸਬੰਧ 'ਚ ਸ਼ਹਿਰ ਦੇ ਹੋਰ ਵਪਾਰਕ ਖੇਤਰਾਂ ਵਿਚ ਵੀ ਲਗਭਗ ਅਜਿਹੀ ਹੀ ਸਥਿਤੀ ਬਣੀ ਹੋਈ ਹੈ, ਜਦਕਿ ਨਹਿਰੂ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਦੀ ਵਿਵਸਥਾ ਹੋਣ ਦੇ ਬਾਵਜੂਦ ਇਸ ਦੀ ਬਦਤਰ ਸਥਿਤੀ ਹੋਣਾ ਸਬੰਧਿਤ ਵਿਭਾਗ ਲਈ ਸ਼ਰਮਨਾਕ ਹੈ | ਦੁਕਾਨਦਾਰਾਂ ਮੁਤਾਬਿਕ ਪਾਰਕਿੰਗ ਦੀ ਸਮੱਸਿਆ ਅਤੇ ਸ਼ਾਪਿੰਗ ਕੰਪਲੈਕਸ 'ਚ ਗੰਦਗੀ ਦੀ ਭਰਮਾਰ ਹੋਣ ਕਰਕੇ ਵਧੇਰੇਤਰ ਗਾਹਕ ਇੱਥੇ ਆਉਣ ਤੋਂ ਹਿਚਕਚਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਜਸਰਾਊਰ ਵਿਖੇ ਰਾਹਤ ਕੈਂਪ <br/> ਅਗਲੀ ਖ਼ਬਰ ਅੰਮਿ੍ਤਸਰ ਦੀ ਧੀ ਜਸਪ੍ਰੀਤ ਨੇ ਗੋਆ 'ਚ ਹੋਏ 'ਮਿਸਿਜ਼ ਇੰਡੀਆ ਇੰਟਰਨੈਸ਼ਨਲ 2025' ਮੁਕਾਬਲੇ 'ਚ 'ਫਸਟ ਰਨਰਅੱਪ' ਦਾ ਖਿਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।